ਜਗਰਾਉਂ, 12 ਸਤੰਬਰ ( ਲਿਕੇਸ਼ ਸ਼ਰਮਾਂ )-ਵਿਦੇਸ਼ਾਂ ਤੋਂ ਫੋਨ ਕਰ ਕੇ ਰਿਸ਼ਤੇਦਾਰ ਬਣਕੇ ਠੱਗੀ ਮਾਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਭਾਵੇਂ ਪੁਲਿਸ ਸਮੇਂ-ਸਮੇਂ ’ਤੇ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕਰਦੀ ਹੈ ਅਤੇ ਅਜਿਹੇ ਲੋਕਾਂ ਦੇ ਜਾਲ ਵਿੱਚ ਨਾ ਫਸਣ ਲਈ ਪ੍ਰੇਰਿਤ ਕਰਦੀ ਹੈ, ਪਰ ਫਿਰ ਵੀ ਇਹ ਰੁਝਾਨ ਰੁਕਣ ਦਾ ਨਾਮ ਨਹੀਂ ਲੈ ਰਿਹਾ। ਜਿਸ ਦੀ ਮਿਸਾਲ ਪਿੰਡ ਸਿੱਧਵਾਂ ਕਲਾਂ ਦੇ ਗੁਰਜੀਤਪਾਲ ਸਿੰਘ ਨਾਲ ਹੋਈ ਧੋਖਾਧੜੀ ਹੈ। ਥਾਣਾ ਸਦਰ ਜਗਰਾਉਂ ਤੋਂ ਏ.ਐਸ.ਆਈ ਹਰਪਾਲ ਸਿੰਘ ਨੇ ਦੱਸਿਆ ਕਿ ਗੁਰਜੀਤਪਾਲ ਸਿੰਘ ਨੇ ਪੁਲਿਸ ਨੂੰ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦੇ ਮੋਬਾਈਲ ਫ਼ੋਨ ’ਤੇ ਇੱਕ ਵਿਦੇਸ਼ੀ ਨੰਬਰ ਤੋਂ ਵਟਸਐਪ ਕਾਲ ਆਈ ਸੀ। ਜਿਸ ਵਿਚ ਉਸ ਦੇ ਰਿਸ਼ਤੇਦਾਰ ਦੀ ਫੋਟੋ ਡੀ.ਪੀ. ਲੰਗੀ ਹੋਈ ਸੀ। ਉਨ੍ਹਾਂ ਦੱਸਿਆ ਕਿ ਸਾਡਾ ਇੱਕ ਆਦਮੀ ਹਸਪਤਾਲ ਵਿੱਚ ਦਾਖ਼ਲ ਹੈ। ਉਸਨੂੰ ਪੈਸੇ ਦੀ ਲੋੜ ਹੈ। ਮੈ ਉਸ ਦੀਆਂ ਗੱਲਾਂ ਵਿਚ ਆ ਗਿਆ ਅਤੇ ਉਸ ਵੱਲੋਂ ਦਿੱਤੇ ਖਾਤੇ ਨੰਬਰ ’ਤੇ ਇਕ ਲੱਖ ਰੁਪਏ ਜਮ੍ਹਾਂ ਕਰਵਾ ਦਿੱਤੇ। ਬਾਅਦ ਵਿਚ ਉਸ ਨੂੰ ਪਤਾ ਲੱਗਾ ਕਿ ਉਸ ਨਾਲ ਧੋਖਾ ਹੋਇਆ ਹੈ। ਜਦੋਂ ਉਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ ਤਾਂ ਸਾਈਬਰ ਸੈੱਲ ਵੱਲੋਂ ਜਾਂਚ ਕਰਨ ’ਤੇ ਪਤਾ ਲੱਗਾ ਕਿ ਉਸ ਵੱਲੋਂ ਜਮ੍ਹਾਂ ਕਰਵਾਈ ਗਈ 1 ਲੱਖ ਰੁਪਏ ਦੀ ਰਕਮ ਕਮਲੇਸ਼ ਕੁਮਾਰ ਪੁੱਤਰ ਉਮੇਸ਼ ਰਾਮ ਵਾਸੀ ਬਾਂਗਰ ਥਾਣਾ ਦੇ ਖਾਤਾ ਸ਼ਿਸ਼ਵਾਨ ਜ਼ਿਲ੍ਹਾ, ਸੀਵਾਨ ਬਿਹਾਰ ਦੇ ਖਾਤੇ ਵਿਚ ਗਈ ਹੈ। ਇਸ ਸਬੰਧੀ ਥਾਣਾ ਸਦਰ ਜਗਰਾਉਂ ਵਿੱਚ ਅਮਲੇਸ਼ ਕੁਮਾਰ ਖ਼ਿਲਾਫ਼ ਧੋਖਾਧੜੀ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ।