ਜਗਰਾਓਂ, 25 ਸਤੰਬਰ ( ਰਾਜੇਸ਼ ਜੈਨ, ਭਗਵਾਨ ਭੰਗੂ )-ਪਿਛਲੇ ਦਿਨੀਂ ਜਗਰਾਉਂ ਨੇੜਲੇ ਪਿੰਡ ਕਮਾਲਪੁਰ ਵਿੱਚ ਬਿੰਜਲ ਰੋਡ ’ਤੇ ਸਥਿਤ ਠਾਠ ਨਾਨਕਸਰ ਵਿੱਚ ਠਾਠ ਦੇ ਮੁੱਖ ਸੇਵਾਦਾਰ ਬਾਬਾ ਸੁਰਿੰਦਰ ਸਿੰਘ ਵੱਲੋਂ ਆਪਣੇ ਹੋਰ ਸਾਥੀਆਂ ਸਮੇਤ ਉਥੇ ਰਹਿੰਦੇ ਇੱਕ ਨਾਬਾਲਗ ਗ੍ਰੰਥੀ ਦੀ ਬੁਰੀ ਤਰ੍ਹਾਂ ਕੁੱਟਮਾਰ ਅਤੇ ਕੀਤੀ ਗਈ ਕੁੱਟਮਾਰ ਦੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਦਾ ਨੋਟਿਸ ਲੈਂਦਿਆਂ ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਇਸ ਮਾਮਲੇ ਸਬੰਧੀ ਪੁਲਿਸ ਜ਼ਿਲ੍ਹਾ ਲੁਧਿਆਣਾ ਦੇਹਾਤ ਦੇ ਐਸਐਸਪੀ ਨਵਨੀਤ ਸਿੰਘ ਬੈਂਸ ਨੂੰ ਨੋਟਿਸ ਜਾਰੀ ਕਰਕੇ ਪੁਲਿਸ ਜਾਂਚ ਰਿਪੋਰਟ ਸਮੇਤ ਜਵਾਬ ਮੰਗਿਆ ਹੈ। ਕਮਿਸ਼ਨ ਵਲੋਂ 27 ਸਤੰਬਰ ਨੂੰ ਇਸ ਮਾਮਲੇ ਦੇ ਤਫ਼ਤੀਸ਼ੀ ਅਫ਼ਸਰ ਨੂੰ ਇਸ ਸੰਬੰਧ ਵਿਚ ਹੁਣ ਤੱਕ ਦੀ ਕੀਤੀ ਗਈ ਜਾਂਚ ਰਿਪੋਰਟ ਅਤੇ ਕਾਰਵਾਈ ਦੀ ਰਿਪੋਰਟ ਲੈ ਕੇ ਸਵੇਰੇ 11 ਵਜੇ ਹਾਜ਼ਰ ਹੋਣ ਦੇ ਨਿਰਦੇਸ਼ ਦਿੱਤੇ ਹਨ। ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਡਿਪਟੀ ਡਾਇਰੈਕਟਰ ਅਤੇ ਚੇਅਰਮੈਨ ਰਾਜਵਿੰਦਰ ਸਿੰਘ ਗਿੱਲ ਵੱਲੋਂ ਐੱਸਐੱਸਪੀ ਨੂੰ ਦਿੱਤੇ ਸੂ ਮੋਟੋ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਅਨੁਸਾਰ ਨਾਬਾਲਗ ਬੱਚੇ ਨਾਲ 5-6 ਵਿਅਕਤੀਆਂ ਵੱਲੋਂ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ। ਜਿਸ ’ਚ ਠਾਠ ਦੇ ਮੁਖੀ ਸੁਰਿੰਦਰ ਸਿੰਘ ਦਾ ਨਾਮ ਸਾਹਮਣੇ ਆ ਰਿਹਾ ਹੈ, ਬੱਚੇ ਦੀ ਬੇਰਹਿਮੀ ਨਾਲ ਕੁੱਟਮਾਰ ਦੀ ਵਾਇਰਲ ਵੀਡੀਓ ਅਤੇ ਸੋਸ਼ਲ ਮੀਡੀਆ ਰਿਪੋਰਟਾਂ ਅਨੁਸਾਰ ਇਸ ਬੱਚੇ ਨੂੰ 7 ਤੋਂ 11 ਵਜੇ ਤੱਕ ਬੇਰਹਿਮੀ ਨਾਲ ਕੁੱਟਿਆ ਗਿਆ। ਜੋ ਕਿ ਬਹੁਤ ਗੰਭੀਰ ਮਾਮਲਾ ਹੈ। ਕਮਿਸ਼ਨ ਨੇ ਕਿਹਾ ਹੈ ਕਿ ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦਾ ਗਠਨ ਰਾਜ ਸਰਕਾਰ ਦੁਆਰਾ ਜਾਰੀ ਨੋਟੀਫਿਕੇਸ਼ਨ ਮਿਤੀ 15.4.2011 ਦੁਆਰਾ ਕੀਤਾ ਗਿਆ ਸੀ, ਜੋ ਕਿ ਭਾਰਤ ਸਰਕਾਰ ਦੇ ਬਾਲ ਅਧਿਕਾਰਾਂ ਦੀ ਸੁਰੱਖਿਆ ਐਕਟ 2005 ਦੀ ਧਾਰਾ 17 ਅਧੀਨ ਇੱਕ ਵਿਧਾਨਕ ਸੰਸਥਾ ਹੈ। ਕਮਿਸ਼ਨ ਕੋਲ ਜੁਵੇਨਾਈਲ ਜਸਟਿਸ (ਬੱਚਿਆਂ ਦੀ ਦੇਖਭਾਲ ਅਤੇ ਸੁਰੱਖਿਆ) ਐਕਟ 2015, ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ ਐਕਟ 2012 ਅਤੇ ਸਿੱਖਿਆ ਦਾ ਅਧਿਕਾਰ ਐਕਟ 2009 ਦੇ ਤਹਿਤ ਨਿਗਰਾਨੀ ਦੀਆਂ ਸ਼ਕਤੀਆਂ ਹਨ। ਐਕਟ ਦੀ ਧਾਰਾ 13 ਦੇ ਤਹਿਤ ਬਾਲ ਅਧਿਕਾਰਾਂ ਦੀ ਉਲੰਘਣਾ ਵਿਰੁੱਧ ਪ੍ਰਾਪਤ ਹੋਈਆਂ ਸ਼ਿਕਾਇਤਾਂ ਦੀ ਜਾਂਚ ਕਰਨ ਅਤੇ ਉਹਨਾਂ ਬਾਰੇ ਸੂ ਮੋਟੋ ਨੋਟਿਸ ਲੈਣ ਲਈ ਕਮਿਸ਼ਨ ਪਾਸ ਅਧਿਕਾਰ ਹਨ। ਕਮਿਸ਼ਨ ਪਾਸ ਇਸ ਐਕਟ ਦੀ ਧਾਰਾ 14 ਅਤੇ ਸਿਵਲ ਪ੍ਰੋਟੈਕਸ਼ਨ ਪ੍ਰੋਸੀਜਰ ਕੋਡ 1908 ਦੇ ਤਹਿਤ ਕੇਸਾਂ ਦੀ ਸੁਣਵਾਈ ਅਤੇ ਸਿਵਲ ਅਦਾਲਤ ਦੀਆਂ ਸ਼ਕਤੀਆਂ ਵੀ ਹਨ। ਕਮਿਸ਼ਨ ਦੇ ਚੇਅਰਮੈਨ ਰਾਜਵਿੰਦਰ ਸਿੰਘ ਗਿੱਲ ਨੇ ਜਿਥੇ ਪੁਲਿਸ ਜਿਲਾ ਲੁਧਿਆਣਾ ਦਿਹਾਤੀ ਦੇ ਐੈਸਐਸਪੀ ਤੋਂ ਜਵਾਬ ਮੰਗਿਆ ਹੈ ਉਥੇ ਨਾਲ ਹੀ ਸਿਵਲ ਸਰਜਨ ਲੁਧਿਆਣਾ ਨੂੰ ਵੀ ਲਿਖਿਆ ਹੈ ਕਿ ਸਿਵਲ ਹਸਪਤਾਲ ਵਿੱਚ ਦਾਖ਼ਲ ਬੱਚੇ ਨੂੰ ਕੁੱਟ ਮਾਰ ਕਾਰਨ ਆਈਆਂ ਚੋਟਾਂ ਅਤੇ ਅੰਦਰੂਨੀ ਚੋਟਾਂ ਨੂੰ ਧਿਆਨ ਵਿਚ ਰੱਖਦੇ ਹੋਏ ਉਸ ਦਾ ਢੁੱਕਵਾਂ ਇਲਾਜ ਕੀਤਾ ਜਾਵੇ। ਇਸ ਤੋਂ ਇਲਾਵਾ ਬਾਲ ਭਲਾਈ ਕਮੇਟੀ/ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਲੁਧਿਆਣਾ ਨੂੰ ਬੱਚੇ ਦੀ ਲੋੜ ਅਨੁਸਾਰ ਕਾਊਂਸਲਿੰਗ ਅਤੇ ਹੋਰ ਸਹਾਇਤਾ ਪ੍ਰਦਾਨ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ ਗਈਆਂ। ਜਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਸਿਵਲ ਹਸਪਤਾਲ ਜਗਰਾਓਂ ਵਿੱਚ ਜ਼ੇਰੇ ਇਲਾਜ ਕੁੱਟਮਾਰ ਨਾਲ ਜ਼ਖਮੀ ਬੱਚੇ ਦੇ ਬਿਆਨਾਂ ਤੇ ਥਾਣਾ ਹਠੂਰ ਵਿੱਚ ਠਾਠ ਦੇ ਸੇਵਾਦਾਰ ਸੁਰਿੰਦਰ ਸਿੰਘ, ਉਸਦੇ ਸਾਥੀਆਂ ਬੱਬਲ ਸਿੰਘ, ਗੁਰਪ੍ਰੀਤ ਸਿੰਘ, ਹਰਮਨ ਸਿੰਘ, ਸਮਸ਼ੇਰ ਸਿੰਘ, ਗੁਰਜੀਤ ਸਿੰਘ ਅਤੇ ਦਲਜੀਤ ਸਿੰਘ ਖਿਲਾਫ ਵੱਖ ਵੱਖ ਧਾਰਾਵਾਂ ਅਧੀਨ ਮੁਕਦਮਾ ਦਰਜ ਕਰਕੇ ਇਨ੍ਹਾਂ ਵਿਚੋਂ ਬਾਬਾ ਸੁਰਿੰਦਰ ਸਿੰਘ, ਬੱਬਲ ਸਿੰਘ, ਗੁਰਪ੍ਰੀਤ ਸਿੰਘ ਅਤੇ ਸ਼ਮਸ਼ੇਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ। ਜਿਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਬਾਕੀ ਹੈ।