Home crime ਧੋਖੇ ਨਾਲ ਦੋਸਤ ਨੂੰ ਜਨਮਦਿਨ ਦੀ ਪਾਰਟੀ ’ਤੇ ਬੁਲਾ ਕੇ ਨੌਜਵਾਨ ਦਾ...

ਧੋਖੇ ਨਾਲ ਦੋਸਤ ਨੂੰ ਜਨਮਦਿਨ ਦੀ ਪਾਰਟੀ ’ਤੇ ਬੁਲਾ ਕੇ ਨੌਜਵਾਨ ਦਾ ਕਤਲ

56
0

ਦੋਸਤ ਸਮੇਤ 4 ਗ੍ਰਿਫਤਾਰ, ਤਿੰਨ ਦੀ ਗਿਰਫਤਾਰੀ ਬਾਕੀ

ਹਠੂਰ, 13 ਅਕਤੂਬਰ ( ਭਗਵਾਨ ਭੰਗੂ, ਜਗਰੂਪ ਸੋਹੀ, ਮੋਹਿਤ ਜੈਨ )-ਪੁਰਾਣੀ ਰੰਜਿਸ਼ ਨੂੰ ਦਿਲ ਵਿਚ ਰੱਖਕੇ ਭਾਣਜੇ ਦੇ ਜਨਮ ਦਿਨ ਦੀ ਪਾਰਟੀ ਦੇ ਬਹਾਨੇ ਪਿੰਡ ਬੁਲਾ ਕੇ ਨੌਜਵਾਨ ਦੀ ਤੇਜ਼ਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਨ ਉਪਰੰਤ ਜ਼ਖਮੀ 22 ਸਾਲਾ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਜਾਣ ਤੇ ਉਸਨੂੰ ਧੋਖੇ ਨਾਲ ਆਪਣੇ ਪਿੰਡ ਬੁਲਾਉਣ ਵਾਲੇ ਦੋਸਤ ਅਤੇ ਉਸਦੇ 6 ਸਾਥੀਆਂ ਤੇ ਥਾਣਾ ਹਠੂਰ ਵਿਖੇ ਕਤਲ ਦੇ ਦੋਸ਼ ਹੇਠ ਮੁਕਦਮਾ ਦਰਜ ਕੀਤਾ ਗਿਆ ਅਤੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 2 ਕਿਰਪਾਨ ਅਤੇ ਇਕ ਡਾਂਗ ਬਰਾਮਦ ਕਰ ਲਈ ਗਈ। ਐਸ ਐਸ ਪੀ ਨਵਨੀਤ ਸਿੰਘ ਬੈਂਸ ਨੇ ਦੱਸਿਆ ਕਿ ਇਸ ਕਤਲ ਕੇਸ ਦੇ ਸੰਬੰਧ ਵਿਚ ਡੀਐਸਪੀ ਰਛਪਾਲ ਸਿੰਘ ਦੀ ਅਗਵਾਈ ਹੇਠ ਥਾਣਾ ਹਠੂਰ ਦੇ ਇੰਚਾਰਜ ਸਬ-ਇੰਸਪੈਕਟਰ ਸਰਜੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਚਾਰ ਦੋਸ਼ੀਆਂ ਨੂੰ 36 ਘੰਟੇ ਦੇ ਅੰਦਰ ਗਿਰਫ਼ਤਾਰ ਕਰ ਲਿਆ। ਜਦੋਂ ਕਿ ਦੂਸਰੇ ਤਿੰਨ ਹੋਰਨਾਂ ਦੀ ਗਿਰਫਤਾਰੀ ਵੀ ਜਲਦ ਕਰ ਲਈ ਜਾਵੇਗੀ। ਉਨ੍ਹਾਂ ਦੱਸਿਆ ਕਿ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਮਹਿਲ ਸਿੰਘ ਵਾਸੀ ਪਿੰਡ ਗਿੱਦੜਵੱਡੀ ਨੇ ਦੱਸਿਆ ਕਿ ਉਸ ਦੇ ਦੋਵੇਂ ਲੜਕੇ ਸੁਖਪ੍ਰੀਤ ਸਿੰਘ ਉਰਫ ਮਿਸ਼ਰੀ ਵਾਸੀ ਡੱਲਾ ਨਾਲ ਟੈਂਟ ’ਚ ਇਕੱਠੇ ਕੰਮ ਕਰਦੇ ਸਨ। ਜਿਸ ਕਾਰਨ ਮੇਰੇ ਲੜਕਿਆਂ ਦੀ ਸੁਖਪ੍ਰੀਤ ਨਾਲ ਦੋਸਤੀ ਸੀ। ਬੀਤੇ ਦਿਨੀਂ 4 ਅਕਤੂਬਰ ਨੂੰ ਸੁਖਪ੍ਰੀਤ ਨੇ ਮੇਰੇ ਲੜਕੇ ਨੂੰ ਫ਼ੋਨ ਕਰਕੇ ਕਿਹਾ ਕਿ ਮੇਰੇ ਭਾਣਜੇ ਦਾ ਜਨਮ ਦਿਨ ਹੈ, ਤੁਸੀਂ ਪਿੰਡ ਆ ਜਾਓ। ਜਿਸ ’ਤੇ ਮੇਰਾ ਲੜਕਾ ਆਪਣੇ ਦੋਸਤ ਰਾਜ ਕੁਮਾਰ ਅਤੇ ਬੰਟੀ ਵਾਸੀ ਗਿੱਦੜਵਿੱਡੀ ਨੂੰ ਨਾਲ ਲੈ ਕੇ ਪਿੰਡ ਡੱਲਾ ਵਿਖੇ ਚਲਾ ਗਿਆ। ਉਸ ਸਮੇਂ ਸੁਖਪ੍ਰੀਤ ਦੇ ਘਰ ਹੋਰ ਲੜਕੇ ਵੀ ਮੌਜੂਦ ਸਨ। ਉਥੇ ਗੱਲਬਾਤ ਕਰਨ ਤੋਂ ਬਾਅਦ ਸਾਰੇ ਪੁਲ ਨਹਿਰ ਡੱਲਾ ਵੱਲ ਚਲੇ ਗਏ। ਉੱਥੇ ਹੀ ਪਿੰਡ ਡੱਲਾ ਦੇ ਅਜੈ ਸਿੰਘ, ਦਲਜੀਤ ਸਿੰਘ, ਸਮੀਰ ਸਿੰਘ, ਕੁਲਜੀਤ ਸਿੰਘ, ਦਿਲਪ੍ਰੀਤ ਸਿੰਘ, ਅਰਸ਼ਦੀਪ ਸਿੰਘ ਉਰਫ ਅਰਸ਼ੀ ਨਹਿਰ ਦੇ ਦੂਜੇ ਪਾਸੇ ਪਟੜੀ ਤੇ ਹਥਿਆਰਾਂ ਸਮੇਤ ਖੜੇ ਹੋਏ ਸਨ। ਉਸ ਸਮੇਂ ਸਮੀਰ ਨੇ ਲਲਕਾਰਦੇ ਹੋਏ ਕਿਹਾ ਕਿ ਮਿਸ਼ਰੀ ਦੇ ਇਨ੍ਹਾਂ ਦੋਸਤਾਂ ਨੂੰ ਇੱਥੇ ਆਉਣ ਦਾ ਮਜ਼ਾ ਚਖਾ ਦਿਓ, ਤਾਂ ਦਲਜੀਤ ਸਿੰਘ ਨੇ ਭੱਜਦੇ ਹੋਏ ਆਪਣੀ ਕਿਰਪਾਨ ਨਾਲ ਹਮਲਾ ਕਰ ਦਿਤਾ ਅਤੇ ਅਜੇ ਸਿੰਘ ਨੇ ਕਿਰਪਾਨ ਦਾ ਵਾਰ ਮੇਰੇ ਲੜਕੇ ਬਲਜੀਤ ਸਿੰਘ ਦੇ ਸਿਰ ਤੇ ਕੀਤਾ ਤਾਂ ਉਹ ਉਸਦੀ ਪੁੜਪੁੜੀ ਤੇ ਲੱਗਾ। ਇਸੇ ਤਰ੍ਹਾਂ ਸਾਰੇ ਉਸ ਦੀ ਕੁੱਟਮਾਰ ਕਰਕੇ ਉਥੋਂ ਭੱਜ ਗਏ। ਇਸ ਪਿੱਛੇ ਰੰਜਿਸ਼ ਇਹ ਸੀ ਕਿ ਮੇਰੇ ਲੜਕੇ ਦੀ ਸੁਖਪ੍ਰੀਤ ਸਿੰਘ ਉਰਫ ਮਿਸ਼ਰੀ ਨਾਲ ਕਈ ਵਾਰ ਤਕਰਾਰ ਹੁੰਦੀ ਸੀ ਕਿਉਂਕਿ ਉਹ ਮਿਸ਼ਰੀ ਦੇ ਨਾਲ ਟੈਂਟ ਤੇ ਕੰਮ ਕਰਦਾ ਸੀ। ਇਸ ਰੰਜਿਸ਼ ਨੂੰ ਦਿਲ ਵਿਚ ਰੱਖਦੇ ਹੋਏ ਹੀ ਮਿਸ਼ਰੀ ਨੇ ਮੇਰੇ ਲੜਕੇ ਬਲਜੀਤ ਸਿੰਘ ਨੂੰ ਬੁਲਾਇਆ ਸੀ। ਜਿਸ ਦੀ 9 ਅਕਤੂਬਰ ਨੂੰ ਸਿਵਲ ਹਸਪਤਾਲ ਲੁਧਿਆਣਾ ਵਿਖੇ ਇਲਾਜ ਅਧੀਨ ਮੌਤ ਹੋ ਗਈ ਸੀ। ਮਹਿਲ ਸਿੰਘ ਦੇ ਬਿਆਨਾਂ ’ਤੇ ਅਜੈ ਸਿੰਘ, ਦਲਜੀਤ ਸਿੰਘ, ਸਮੀਰ ਸਿੰਘ, ਕੁਲਜੀਤ ਸਿੰਘ, ਦਿਲਪ੍ਰੀਤ ਸਿੰਘ, ਅਰਸ਼ਪ੍ਰੀਤ ਸਿੰਘ ਅਤੇ ਸੁਖਪ੍ਰੀਤ ਸਿੰਘ ਉਰਫ਼ ਮਿਸ਼ਰੀ ਵਾਸੀ ਪਿੰਡ ਡੱਲਾ ਖ਼ਿਲਾਫ਼ ਧਾਰਾ 302, 120 ਬੀ ਤਹਿਤ ਕੇਸ ਦਰਜ ਕੀਤਾ ਗਿਆ ਹੈ। ਥਾਣਾ ਹਠੂਰ ਦੇ ਇੰਚਾਰਜ ਅਨੁਸਾਰ ਧੋਖੇ ਨਾਲ ਫੋਨ ਕਰਨ ਵਾਲੇ ਸੁਖਪ੍ਰੀਤ ਸਿੰਘ ਉਰਫ ਮਿਸ਼ਰੀ ,ਅਜੇ ਸਿੰਘ, ਦਲਜੀਤ ਸਿੰਘ ਅਤੇ ਕੁਲਜੀਤ ਸਿੰਘ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 2 ਕਿਰਪਾਨ ਅਤੇ ਇਕ ਡਾਂਗ ਬਰਾਮਦ ਕਰ ਲਈ ਗਈ ਹੈ।

LEAVE A REPLY

Please enter your comment!
Please enter your name here