ਜਗਰਾਓ, 9 ਨਵੰਬਰ ( ਲਿਕੇਸ਼ ਸ਼ਰਮਾਂ)-ਪਿਛਲੀ ਸੱਤ ਅਕਤੂਬਰ ਤੋਂ ਮੱਧਪੂਰਬ ਦੇ ਮੁਲਕ ਫਲਸਤੀਨ ਦੀ ਗਾਜਾ ਪੱਟੀ ਦਾ ਚੱਪਾ ਚੱਪਾ ਅਮਰੀਕਾ, ਇੰਗਲੈਂਡ ਦੀ ਸ਼ਹਿ ਨਾਲ ਇਜਰਾਈਲ ਵਲੋਂ ਬੰਬਾਂ , ਮਿਜਾਇਲਾਂ ਨਾਲ ਛਲਨੀ ਕਰ ਦਿਤਾ ਗਿਆ ਹੈ। ਇਹ ਨਸਲਘਾਤ ਨਿਰੰਤਰ ਜਾਰੀ ਹੈ। ਗਾਜਾ ਪੱਟੀ ਦਾ ਸੱਤਰ ਪ੍ਰਤੀਸ਼ਤ ਹਿੱਸਾ ਬੁਰੀ ਤਰਾਂ ਤਬਾਹ ਕਰ ਦਿਤਾ ਗਿਆ ਹੈ । ਇਜਰਾਈਲ ਵਲੋਂ ਫਲਸਤੀਨੀ ਲੋਕਾਂ ਲਈ ਖਾਧ ਸਪਲਾਈ, ਬਿਜਲੀ, ਪਾਣੀ, ਦਵਾਈਆਂ ਦੀ ਸਪਲਾਈ ਪੂਰੀ ਤਰਾਂ ਬੰਦ ਕਰ ਦਿਤੀ ਗਈ ਹੈ। ਹੁਣ ਤਕ ਦਸ ਹਜਾਰ ਨਿਰਦੋਸ਼ ਤੇ ਨਿਹੱਥੇ ਲੋਕ ਮਾਰੇ ਜਾ ਚੁੱਕੇ ਹਨ ਜਿਨਾਂ ਚ ਚਾਰ ਹਜਾਰ ਤੋਂ ਉਪਰ ਮਾਸੂਮ ਬੱਚੇ ਸ਼ਾਮਲ ਹਨ। ਪੱਚੀ ਹਜਾਰ ਬੁਰੀ ਤਰਾਂ ਜਖਮੀ ਲੋਕ ਦਵਾਈਆਂ ਤੇ ਹੋਰ ਮੈਡੀਕਲ ਸਾਜੋ ਸਮਾਨ ਦੀ ਘਾਟ ਕਾਰਨ ਨਿਰੰਤਰ ਤੜਪਦੇ ਹੋਲੀ ਹੋਲੀ ਮੋਤ ਦੇ ਮੁੰਹ ਚ ਜਾ ਰਹੇ ਹਨ। ਇਜ਼ਰਾਈਲ ਵਲੋਂ ਹਸਪਤਾਲਾਂ ਅਤੇ ਸ਼ਰਣਾਰਥੀ ਕੈਂਪਾਂ ਤੇ ਵੀ ਬੰਬਾਰੀ ਕੀਤੀ ਜਾ ਰਹੀ ਹੈ। ਅਤਿਅੰਤ ਸ਼ਰਮਨਾਕ ਤੇ ਘੋਰ ਮਨੁੱਖਤਾ ਵਿਰੋਧੀ ਇਨਾਂ ਬੁਜਦਿਲਾਨਾ ਕਾਰਵਾਈਆਂ ਖਿਲਾਫ, ਨਿਹੱਕੀ ਜੰਗ ਬੰਦ ਕਰਨ, ਫਲੀਸਤੀਨ ਦੀ ਆਜਾਦੀ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਅੱਜ 10 ਨਵੰਬਰ ਦਿਨ ਸ਼ੁਕਰਵਾਰ ਦੁਪਹਿਰ ਦੋ ਵਜੇ ਕਮੇਟੀ ਪਾਰਕ ਜਗਰਾਂਓ ਚ ਇਕੱਠੇ ਹੋ ਕੇ ਰੋਸ ਮਾਰਚ ਕੀਤਾ ਜਾ ਰਿਹਾ ਹੈ। ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ ਅਤੇ ਪੇੰਡੂ ਮਜਦੂਰ ਯੂਨੀਅਨ ਦੇ ਆਗੂ ਅਵਤਾਰ ਸਿੰਘ ਰਸੂਲਪੁਰ ਨੇ ਇਹ ਜਾਣਕਾਰੀ ਦਿੰਦਿਆਂ ਸਮੂਹ ਜੰਗ ਵਿਰੋਧੀ ਲੋਕਾਂ ਨੂੰ ਇਸ ਪ੍ਰਦਰਸ਼ਨ ਚ ਭਾਗ ਲੈਣ ਦੀ ਅਪੀਲ ਕੀਤੀ ਹੈ ।