Home crime ਅੰਤਰਰਾਸ਼ਟਰੀ ਭੁੱਕੀ ਤਸਕਰ ਗਿਰੋਹ ਦੇ ਤਿੰਨ ਮੈਂਬਰ ਕਾਬੂ

ਅੰਤਰਰਾਸ਼ਟਰੀ ਭੁੱਕੀ ਤਸਕਰ ਗਿਰੋਹ ਦੇ ਤਿੰਨ ਮੈਂਬਰ ਕਾਬੂ

51
0


54 ਕੁਇੰਟਲ ਭੁੱਕੀ, 2 ਨਾਜਾਇਜ਼ ਪਿਸਤੌਲ, 1 ਕਰੋੜ 25 ਲੱਖ ਰੁਪਏ ਦੀ ਡਰੱਗ ਮਨੀ ਅਤੇ ਚਾਰ ਪੁਲਿਸ ਵਰਦੀਆਂ ਬਰਾਮਦ
ਜਗਰਾਓਂ, 13 ਦਸੰਬਰ ( ਭਗਵਾਨ ਭੰਗੂ, ਜਗਰੂਪ ਸੋਹੀ )-ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੀ ਪੁਲਿਸ ਨੇ ਇੱਕ ਅੰਤਰਰਾਸ਼ਟਰੀ ਭੁੱਕੀ ਤਸਕਰੀ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗਿ੍ਰਫ਼ਤਾਰ ਕਰਕੇ ਵੱਡੀ ਮਾਤਰਾ ’ਚ ਭੁੱਕੀ, ਨਜਾਇਜ਼ ਹਥਿਆਰ, ਡਰੱਗ ਮਣੀ ਅਤੇ ਪੁਲਿਸ ਦੀਆਂ ਵਰਦੀਆਂ ਸਮੇਤ ਜਾਅਲੀ ਨੰਬਰ ਪਲੇਟਾਂ ਬਰਾਮਦ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਐਸਐਸਪੀ ਨਵਨੀਤ ਸਿੰਘ ਬੈਂਸ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਐਸਪੀ ਹੈੱਡਕੁਆਰਟਰ ਮਨਵਿੰਦਰਵੀਰ ਸਿੰਘ ਦੀਆਂ ਹਦਾਇਤਾਂ ’ਤੇ ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਕਿੱਕਰ ਸਿੰਘ ਪੁਲੀਸ ਪਾਰਟੀ ਸਮੇਤ ਪੁਲ ਨਹਿਰ ਪਿੰਡ ਗੋਰਸੀਆ ਮੱਖਣ ਵਿੱਚ ਚੈਕਿੰਗ ਲਈ ਮੌਜੂਦ ਸਨ। ਉਥੇ ਸੂਚਨਾ ਮਿਲੀ ਕਿ ਅਵਤਾਰ ਸਿੰਘ ਉਰਫ ਤਾਰੀ ਵਾਸੀ ਪਿੰਡ ਢੁੱਡੀਕੇ ਜ਼ਿਲਾ ਮੋਗਾ, ਹਰਜਿੰਦਰ ਸਿੰਘ ਉਰਫ ਰਿੰਦੀ ਵਾਸੀ ਪਿੰਡ ਰਾਏਪੁਰ ਅਰਾਈਆਂ ਜ਼ਿਲਾ ਜਲੰਧਰ, ਮੌਜੂਦਾ ਨਿਵਾਸੀ ਮੁਹੱਲਾ ਗੋਬਿੰਦ ਕਲੋਨੀ ਮੱਲਾਂਪੁਰ ਅਤੇ ਕਮਲਪ੍ਰੀਤ ਸਿੰਘ ਵਾਸੀ ਰੂਪਾ ਪੱਤੀ ਰੋਡੇ ਬਾਘਾ ਪੁਰਾਣਾ ਜ਼ਿਲਾ ਮੋਗਾ ਭਾਰੀ ਮਾਤਰਾ ਬਾਹਰਲੇ ਰਾਜਾਂ ਤੋਂ ਭੁੱਕੀ ਚੂਰਾ ਪੋਸਤ ਲਿਆ ਕੇ ਜਗਰਾਓਂ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਵੇਚਣ ਦਾ ਕਾਰੋਬਾਰ ਕਰਦੇ ਹਨ। ਇਨ੍ਹਾਂ ਕੋਲ ਨਾਜਾਇਜ਼ ਹਥਿਆਰ ਅਤੇ ਜਾਅਲੀ ਨੰਬਰ ਪਲੇਟਾਂ ਵੀ ਹਨ। ਜਿਸਦੀ ਵਰਤੋਂ ਉਹ ਭੁੱਕੀ ਸਪਲਾਈ ਕਰਨ ਸਮੇਂ ਕਰਦੇ ਹਨ। ਇਸ ਸਮੇਂ ਇਹ ਵਿਅਕਤੀ 10 ਟਾਇਰਾਂ ਵਾਲੇ ਕੰਟੇਨਰ (ਟਰੱਕ) ਵਿੱਚ ਭਾਰੀ ਮਾਤਰਾ ਵਿੱਚ ਭੁੱਕੀ ਚੂਰਾ ਪੋਸਤ ਲੱਦ ਕੇ ਜਗਰਾਉਂ ਇਲਾਕੇ ਵਿੱਚ ਅਨਲੋਡ ਕਰਨ ਦੀ ਤਾਕ ਵਿੱਚ ਹੈ। ਇਸ ਸੂਚਨਾ ’ਤੇ ਦਾਣਾ ਮੰਡੀ ਦੇ ਸਾਹਮਣੇ ਭਰੋਵਾਲ ਤੋਂ ਗੋਰਸੀਆਂ ਮੱਖਣ ਨੂੰ ਜਾਂਦੀ ਲਿੰਕ ਸੜਕ ’ਤੇ ਨਾਕਾਬੰਦੀ ਕਰਕੇ ਕੰਟੇਨਰ ਲੈ ਕੇ ਜਾ ਰਹੇ ਅਵਤਾਰ ਸਿੰਘ ਉਰਫ ਤਾਰੀ, ਹਰਜਿੰਦਰ ਸਿੰਘ ਉਰਫ ਰਿੰਦਾ ਅਤੇ ਕਮਲਪ੍ਰੀਤ ਸਿੰਘ ਨੂੰ ਕਾਬੂ ਕੀਤਾ ਗਿਆ। ਉਨ੍ਹਾਂ ਦੇ ਕੰਟੇਨਰ ਦੀ ਜਾਂਚ ਕਰਨ ’ਤੇ ਉਸ ਵਿੱਚੋਂ 270 ਪਲਾਸਟਿਕ ਦੇ ਗੱਟੂ ਬਰਾਮਦ ਹੋਏ। ਜਿਸ ਵਿੱਚੋਂ ਹਰ ਗੱਟੂ ਵਿੱਚੋਂ 20-20 ਕਿਲੋ ਗ੍ਰਾਮ ( 54 ਕੁਇੰਟਲ ) ਭੁੱਕੀ ਪਾਈ ਗਈ। ਇਸ ਤੋਂ ਇਲਾਵਾ ਉਨ੍ਹਾਂ ਕੋਲੋਂ .32 ਬੋਰ ਦੇ ਦੋ ਦੇਸੀ ਪਿਸਤੌਲ ਅਤੇ 6 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਐਸ.ਐਸ.ਪੀ ਨਵਨੀਤ ਸਿੰਘ ਬੈਂਸ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਇਸ ਤੋਂ ਪਹਿਲਾਂ ਵੀ ਭੁੱਕੀ ਚੂਰਾ ਪੋਸਤ ਦੇ ਇਲਾਕੇ ਵਿਚ ਛੇ ਚੱਕਰ ਲਗਾ ਚੁੱਕਾ ਹੈ। ਜੋ ਕਿ ਉਹ ਭੁੱਕੀ ਜਗਰਾਉਂ, ਸਿੱਧਵਾਂਬੇਟ, ਮੋਗਾ ਅਤੇ ਜ਼ਿਲ੍ਹਾ ਬਰਨਾਲਾ ਵਿਚ ਛੋਟੇ ਵਾਹਨ ਸਕਾਰਪੀਓ, ਵਰਨਾ ਅਤੇ ਕੈਂਟਰ ਰਾਹੀਂ ਕਰ ਚੁੱਕਾ ਹੈ। ਉਸ ਦੇ ਪੈਸੇ ਵੀ ਉਸ ਦੇ ਮੁੱਲਾਂਪੁਰ ਵਾਲੇ ਘਰ ਵਿੱਚ ਰੱਖੇ ਹੋਏ ਹਨ। ਇਸ ’ਤੇ ਪੁਲੀਸ ਪਾਰਟੀ ਉਸ ਨੂੰ ਉਸ ਦੇ ਘਰ ਲੈ ਗਈ ਅਤੇ ਉਸਦੇ ਘਰੋਂ 1 ਕਰੋੜ 25 ਲੱਖ ਰੁਪਏ ਦੀ ਡਰੱਗਮਣੀ , ਨੋਟ ਗਿਨਣ ਵਾਲੀ ਮਸ਼ੀਨ, 14 ਜਾਅਲੀ ਨੰਬਰ ਪਲੇਟਾਂ, ਚਾਰ ਪੁਲੀਸ ਵਰਦੀਆਂ ਅਤੇ ਇੱਕ ਪੁਲਿਸ ਦੀ ਬੈਲਟ ਬਰਾਮਦ ਕੀਤੀ।
ਵਰਦੀ ਪਾ ਕੇ ਬਚ ਨਿਕਲਦੇ ਸਨ-
ਪੁਲਿਸ ਜਾਂਚ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ ਦਾ ਆਗੂ ਹਰਜਿੰਦਰ ਸਿੰਘ ਹੈ। ਇਹ ਜਦੋਂ ਭੁੱਕੀ ਸਪਲਾਈ ਲਈ ਜਾਂਦੇ ਸਮੇਂ ਜਾਂ ਸਪਲਾਈ ਕਰਨ ਤੋਂ ਬਾਅਦ ਸੁਰੱਖਿਅਤ ਬਾਹਰ ਨਿਕਲਣ ਲਈ ਪੁਲਿਸ ਦੀ ਵਰਦੀ ਦੀ ਵਰਤੋਂ ਕਰਦੇ ਸਨ ਅਤੇ ਲੋੜ ਪੈਣ ’ਤੇ ਨਾਜਾਇਜ਼ ਪਿਸਤੌਲ ਦੀ ਵੀ ਵਰਤੋਂ ਕਰਦੇ ਸਨ। ਉਨ੍ਹਾਂ ਕੋਲ ਮਿਲੀਆਂ 14 ਨੰਬਰ ਪਲੇਟਾਂ ਵੱਖ-ਵੱਖ ਰਾਜਾਂ ਦੀਆਂ ਹਨ। ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਉਹ ਜਿਸ ਰਾਜ ਵਿਚ ਜਾਂਦੇ ਸਨ, ਉਸ ਦੀਆਂ ਨੰਬਰ ਪਲੇਟਾਂ ਲਗਾਉਂਦੇ ਸਨ ਤਾਂ ਜੋ ਉਹ ਆਸਾਨੀ ਨਾਲ ਲੰਘ ਸਕਣ।
ਪਹਿਲੇ ਚਾਰ ਕੇਸ ਹਰਜਿੰਦਰ ਸਿੰਘ ਖਿਲਾਫ ਹਨ-
ਐਸਐਸਪੀ ਬੈਂਸ ਨੇ ਦੱਸਿਆ ਕਿ ਸਾਲ 2014 ਵਿੱਚ ਹਰਜਿੰਦਰ ਸਿੰਘ ਖ਼ਿਲਾਫ਼ ਐਮਡੀਪੀਐਸ ਐਕਟ ਦੇ ਚਾਰ ਮੁਕਦਮੇ ਦਰਜ ਹਨ। ਜਿੰਨਾਂ ਵਿਚ ਥਾਣਾ ਰੋਹਿਣੀ ਦਿੱਲੀ ਵਿੱਚ, ਥਾਣਾ ਡਵੀਜ਼ਨ ਨੰਬਰ 7 ਜਲੰਧਰ ਅਤੇ ਥਾਣਾ ਮਹਿਤਪੁਰ ਜਲੰਧਰ ਵਿੱਚ , ਸਾਲ 2015 ਵਿੱਚ ਐਮਡੀਪੀਐਸ ਐਕਟ ਦਾ ਇੱਕ ਕੇਸ ਥਾਣਾ ਮਹਿਤਪੁਰ ਜ਼ਿਲ੍ਹਾ ਜਲੰਧਰ ਵਿੱਚ ਦਰਜ ਹੈ। ਜਦੋਂ ਕਿ ਉਸ ਦੇ ਨਾਲ ਫੜੇ ਗਏ ਬਾਕੀ ਅਵਤਾਰ ਸਿੰਘ ਤਾਰੀ ਅਤੇ ਕਮਲਪ੍ਰੀਤ ਸਿੰਘ ਖਿਲਾਫ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਹੈ। ਇਨ੍ਹਾਂ ਦਾ ਪੁਲੀਸ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ ਕਿ ਉਹ ਇਸ ਇਲਾਕੇ ਵਿੱਚ ਇੰਨੀ ਵੱਡੀ ਮਾਤਰਾ ਵਿੱਚ ਭੁੱਕੀ ਕਿਸ-ਕਿਸ ਨੂੰ ਸਪਲਾਈ ਕਰਦੇ ਸਨ।

LEAVE A REPLY

Please enter your comment!
Please enter your name here