ਇਹ ਤੁਕ ਗੁਰਬਾਣੀ ਵਿੱਚ ਰਾਗ ਆਸਾ ਵਿੱਚ ਦਰਜ ਹੈ ਜਿਸ ਵਿੱਚ ਗੁਰੂ ਨਾਨਕ ਦੇਵ ਜੀ ਫੁਰਮਾਉਂਦੇ ਹਨ ਕਿ ਜੇਕਰ ਅਸੀਂ ਕਿਸੇ ਕੰਮ ਵਿੱਚ ਸਫ਼ਲ ਹੋਣਾ ਚਾਹੁੰਦੇ ਹਾਂ ਤਾਂ ਸਾਨੂੰ ਆਪਣਾ ਕੰਮ ਆਪਣੇ ਹੱਥਾਂ ਨਾਲ ਕਰਨਾ ਚਾਹੀਦਾ ਹੈ। ਸਾਨੂੰ ਦੂਜੇ ਵਿਅਕਤੀ ‘ਤੇ ਨਿਰਭਰ ਨਹੀਂ ਰਹਿਣਾ ਚਾਹੀਦਾ। ਦੂਜੇ ਵਿਅਕਤੀ ਤੋਂ ਕੰਮ ਕਰਵਾਉਣ ਦੌਰਾਨ ਹੋਈ ਗਲਤੀ ਲਈ ਅਸੀਂ ਉਸਨੂੰ ਕੁੱਝ ਕਹਿ ਵੀ ਨਹੀਂ ਸਕਦੇ, ਕਿਉਂਕਿ ਸਾਨੂੰ ਡਰ ਹੁੰਦਾ ਹੈ ਕਿ ਫਿਰ ਉਹ ਵਿਅਕਤੀ ਭਵਿੱਖ ਵਿੱਚ ਸਾਡਾ ਕੰਮ ਨਹੀਂ ਕਰੇਗਾ । ਸਾਨੂੰ ਫਿਰ ਇਸ ਗਲਤੀ ਦਾ ਨਤੀਜਾ ਵੀ ਭੁਗਤਣਾ ਪਵੇਗਾ , ਸਾਡੇ ਪੱਲੇ ਨਿਰਾਸ਼ਾ ਪਵੇਗੀ ਅਤੇ ਅਸੀਂ ਢਹਿੰਦੀ ਕਲਾ ਵਿੱਚ ਰਹਾਂਗੇ।
ਇਸ ਦੁਨੀਆ ਵਿੱਚ ਵਿਰਲੇ ਪਰ – ਉਪਕਾਰੀ ਵਿਅਕਤੀ ਹੀ ਹਨ ਜੋ ਨਿਰ – ਸਵਾਰਥ ਕਿਸੇ ਦਾ ਕੰਮ ਕਰਨ, ਵਰਨਾ ਤਾਂ ਅੱਜ ਦੇ ਸਮੇਂ ਖੁਦਗਰਜ਼ ਲੋਕ ਵੱਧ ਅਤੇ ਵਫ਼ਾਦਾਰ ਲੋਕ ਘੱਟ ਮਿਲਦੇ ਹਨ। ਵੈਸੇ ਵੀ ਕੰਮ ਲਈ ਦੂਜਿਆਂ ਭਰੋਸੇ ਰਹਿਣ ਵਾਲੇ ਲੋਕ ਆਪਣੇ ਆਪ ਨੂੰ ਅਪਾਹਜ਼ ਬਣਾਉਂਦੇ ਹਨ ਅਤੇ ਉਹ ਜ਼ਿੰਦਗੀ ਦੇ ਹਰ ਇਮਤਿਹਾਨ ਵਿੱਚ ਫੇਲ੍ਹ ਹੁੰਦੇ ਹਨ।
ਹੱਥੀਂ ਕੰਮ ਕਰਨ ਨਾਲ ਸਾਡਾ ਮਾਨਸਿਕ, ਸਰੀਰਕ ਅਤੇ ਸਮਾਜਿਕ ਵਿਕਾਸ ਵੀ ਹੁੰਦਾ ਹੈ। ਇਸ ਨਾਲ ਧਿਆਨ ਕੇਂਦਰਿਤ ਕਰਨ, ਸਮੇਂ ਦੇ ਪਾਬੰਦ ਹੋਣਾ, ਆਤਮ – ਵਿਸ਼ਵਾਸ, ਰਚਨਮਿਕਤਾ, ਕਾਰਜ – ਕੁਸ਼ਲਤਾ ਵਿੱਚ ਵਾਧਾ ਜਿਹੇ ਗੁਣ ਵਿਕਸਤ ਹੁੰਦੇ ਹਨ। ਨਵੇਂ ਵਿਚਾਰਾਂ ਦਾ ਭੰਡਾਰ ਮਿਲਦਾ ਹੈ ਅਤੇ ਸਾਡੇ ਗਿਆਨ ਵਿੱਚ ਵਾਧਾ ਹੁੰਦਾ ਹੈ। ਅਸੀਂ ਕਿਸੇ ਕੰਮ ਦੌਰਾਨ ਪੇਸ਼ ਆਉਣ ਵਾਲੀਆਂ ਔਕੜਾਂ ਨਾਲ ਨਜਿਠਣ ਬਾਰੇ ਸਿੱਖਦੇ ਹਾਂ।ਸਾਡੇ ਵਿੱਚ ਕੰਮ ਨੂੰ ਤੇਜ਼ੀ ਨਾਲ ਕਰਨ ਦੇ ਗੁਣ ਵਿਕਸਤ ਹੁੰਦੇ ਹਨ। ਸਮਾਜ ਵਿੱਚ ਸਾਨੂੰ ਵੱਖਰੀ ਪਛਾਣ ਮਿਲਦੀ ਹੈ ਅਤੇ ਰੁਤਬਾ ਵਧਦਾ ਹੈ।
ਸੋ ਓਹੀ ਕੰਮ ਦੂਜਿਆਂ ਤੋਂ ਕਰਵਾਓ ਜੋ ਤੁਸੀਂ ਖ਼ੁਦ ਕਰਨ ਦੇ ਯੋਗ ਨਾ ਹੋਵੋ। ਹੱਥੀਂ ਕਾਰਜ ਕਰਨ ਨਾਲ ਸਾਨੂੰ ਸੱਚੀ ਖ਼ੁਸ਼ੀ ਅਤੇ ਸਕੂਨ ਮਿਲੇਗਾ। ਸੱਚੇ ਮਨ ਨਾਲ ਅਸੀਂ ਸਫਲਤਾ ਦਾ ਸਿਹਰਾ ਆਪਣੇ ਸਿਰ ਲੈ ਸਕਾਂਗੇ ਅਤੇ ਸਾਡੀ ਸ਼ਾਨ ਵਧੇਗੀ। ਸ਼ੇਖ ਫ਼ਰੀਦ ਜੀ ਫੁਰਮਾਉਂਦੇ ਹਨ:-
*ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨ ਦੇਹਿ।।
ਜੇ ਤੂ ਏਵੈ ਰਖਸੀ ਜੀਉ ਸਰੀਰਹੁ ਲੇਹਿ।।
ਪ੍ਰਭਜੋਤ ਕੌਰ
ਸਾਇੰਸ ਮਿਸਟ੍ਰੈਸ
ਸ ਸ ਸ ਸ ਸਦਾਤਪੁਰ (ਮਾਲੇਰਕੋਟਲਾ -2)