ਜਗਰਾਉਂ, 2 ਜਨਵਰੀ ( ਬੌਬੀ ਸਹਿਜਲ, ਧਰਮਿੰਦਰ )-ਕੇਂਦਰ ਸਰਕਾਰ ਵੱਲੋਂ ਹਿੱਟ ਐਂਡ ਰਨ ਕਾਨੂੰਨ ਲਾਗੂ ਹੋਣ ਮਗਰੋਂ ਟਰਾਂਸਪੋਰਟਰਾਂ ਵੱਲੋਂ ਹੜਤਾਲ ’ਤੇ ਜਾਣ ਦੇ ਐਲਾਨ ਤੋਂ ਬਾਅਦ ਪੈਟਰੋਲ ਪੰਪਾਂ ਤੋਂ ਪੈਟਰੋਲ ਤੇ ਡੀਜ਼ਲ ਲੈਣ ਲਈ ਥਾਂ-ਥਾਂ ਪੰਪਾਂ ਤੇ ਲੋਕਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਹਨ। ਇਲਾਕੇ ਦੇ ਜ਼ਿਆਦਾਤਰ ਪੈਟਰੋਲ ਪੰਪ ਡਰਾਈ ਹੋ ਗਏ ਹਨ ਅਤੇ ਜਿਨ੍ਹਾਂ ਪੰਪਾਂ ’ਤੇ ਇਸ ਵੇਲੇ ਪੈਟਰੋਲ ਅਤੇ ਡੀਜ਼ਲ ਹੈ, ਉਨ੍ਹਾਂ ’ਤੇ ਲੰਮੀਆਂ ਕਤਾਰਾਂ ਲੱਗ ਗਈਆਂ ਹਨ ਅਤੇ ਉਹ ਵੀ ਕੁਝ ਸਮੇਂ ਬਾਅਦ ਡਰਾਈ ਹੋ ਜਾਣਗੇ। ਮੌਜੂਦਾ ਹਾਲਾਤ ਪੈਦਾ ਹੋਣ ਦੀ ਇਕ ਵਜਹ ਇਹ ਵੀ ਹੈ ਕਿ ਜਿਸ ਨੂੰ ਇਕ ਲੀਟਰ ਪੈਟਰੋਲ ਡੀਜ਼ਲ ਚਾਹੀਦਾ ਹੈ ਉਹ ਪੰਜ ਲੀਟਰ ਲੈ ਰਿਹਾ ਹੈ, ਜਿਸ ਨੂੰ ਪੰਜ ਲੀਟਰ ਚਾਹੀਦਾ ਹੈ ਉਹ 20 ਲੀਟਰ ਲੈ ਰਿਹਾ ਹੈ। ਟਰਾਂਸਪੋਰਟਰਾਂ ਦੀ ਹੜਤਾਲ ਕਾਰਨ ਜਿੱਥੇ ਪ੍ਰਮੁੱਖ ਟਰਾਂਸਪੋਰਟ ਬੰਦ ਰਹੇਗੀ, ਉੱਥੇ ਹੀ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਤੋਂ ਇਲਾਵਾ ਛੋਟੇ ਵਾਹਨਾਂ, ਕਾਰਾਂ, ਟੈਂਪੂਆਂ ਅਤੇ ਦੋਪਹੀਆ ਵਾਹਨਾਂ ਦੀ ਆਵਾਜਾਈ ਵੀ ਜਲਦੀ ਹੀ ਜਾਮ ਹੋ ਜਾਵੇਗੀ। ਇਥੋਂ ਤੱਕ ਕਿ ਸਾਡੀ ਸੁਰੱਖਿਆ ਲਈ ਹਰ ਸਮੇਂ ਤਾਇਨਾਤ ਰਹਿਣ ਵਾਲੇ ਪੁਲਿਸ ਵਾਹਨ ਵੀ ਪੈਟਰੋਲ ਡੀਜ਼ਲ ਨਾ ਮਿਲਣ ਕਾਰਨ ਠੱਪ ਹੋ ਜਾਣਗੇ। ਜੇਕਰ ਇਹ ਮਾਮਲਾ ਕੁਝ ਦਿਨਾਂ ’ਚ ਹੱਲ ਨਾ ਹੋਇਆ ਤਾਂ ਕੁਝ ਦਿਨਾਂ ਬਾਅਦ ਸੜਕਾਂ ’ਤੇ ਹਾਲਾਤ ਉਹੀ ਹੋ ਜਾਣਗੇ ਜੋ ਕੋਰੋਨਾ ਦੇ ਸਮੇਂ ਦੇਖਣ ਨੂੰ ਮਿਲੇ ਸਨ, ਸਾਰੀਆਂ ਸੜਕਾਂ ਤੋਂ ਵਾਹਨ ਗਾਇਬ ਹੋ ਜਾਣਗੇ।