ਸੁਨਾਮ(ਰਾਜੇਸ ਜੈਨ-ਲਿਕੇਸ ਸ਼ਰਮਾ )ਥਾਣਾ ਸ਼ਹਿਰੀ ਸੁਨਾਮ ਦੀ ਪੁਲਿਸ ਨੇ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਤਿੰਨ ਮੈਂਬਰੀ ਲੁਟੇਰਾ ਗਿਰੋਹ ਨੂੰ ਕਾਬੂ ਕੀਤਾ ਹੈ। ਕਥਿਤ ਦੋਸ਼ੀਆਂ ਕੋਲੋਂ ਚੋਰੀ ਦੇ ਮੋਟਰਸਾਈਕਲ ਤੋਂ ਇਲਾਵਾ ਮੋਬਾਈਲ, ਨਕਦੀ, ਵਾਰਦਾਤਾਂ ਵਿੱਚ ਵਰਤੇ ਗਏ ਮਾਰੂ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਵੀਰਵਾਰ ਨੂੰ ਡੀ.ਐਸ.ਪੀ ਭਰਪੂਰ ਸਿੰਘ ਅਤੇ ਐਸ.ਐਚ.ਓ ਸਿਟੀ ਸੁਨਾਮ ਦੀਪਇੰਦਰਪਾਲ ਸਿੰਘ ਜੇਜੀ ਨੇ ਪ੍ਰਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਜ਼ਲਿ੍ਹਾ ਪੁਲਿਸ ਮੁਖੀ ਸੰਗਰੂਰ ਸਰਤਾਜ ਸਿੰਘ ਚਾਹਲ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਸੁਨਾਮ ਇਲਾਕੇ ਅੰਦਰ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਮਾੜੇ ਅਨਸਰਾਂ ਨੂੰ ਕਾਬੂ ਕੀਤਾ ਗਿਆ ਹੈ। ਸਮਾਜ ਵਿਰੋਧੀ ਅਨਸਰਾਂ ਨੂੰ ਫੜਨ ਲਈ ਵਿੱਢੀ ਗਈ ਮੁਹਿੰਮ ਦੇ ਤਹਿਤ ਉਕਤ ਸੁਨਾਮ ਪੁਲਿਸ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਲੁਟੇਰਿਆਂ ਨੂੰ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਕਾਬੂ ਕੀਤੇ ਮੁਲਜ਼ਮਾਂ ਨੇ ਸਬਜ਼ੀ ਮੰਡੀ ਨੂੰ ਜਾ ਰਹੇ ਬਲਵਿੰਦਰ ਕੁਮਾਰ ਨਾਮੀ ਵਿਅਕਤੀ ਕੋਲੋਂ 6 ਹਜ਼ਾਰ ਰੁਪਏ ਅਤੇ ਇੱਕ ਮੋਬਾਈਲ ਫੋਨ ਲੁੱਟ ਲਿਆ ਸੀ। ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਬਾਰੀਕੀ ਨਾਲ ਜਾਂਚ ਕਰਦੇ ਹੋਏ ਬਿੰਦਰ ਸਿੰਘ ਅਤੇ ਅਭਿਸ਼ੇਕ ਨੂੰ ਮਾਮਲੇ ਵਿੱਚ ਨਾਮਜ਼ਦ ਕੀਤਾ। ਉਨ੍ਹਾਂ ਕਿਹਾ ਕਿ ਨਾਕਾਬੰਦੀ ਦੌਰਾਨ ਬਿੰਦਰ ਸਿੰਘ, ਅਭਿਸ਼ੇਕ ਅਤੇ ਰਾਕੇਸ਼ ਕੁਮਾਰ ਨੂੰ ਚੋਰੀ ਅਤੇ ਲੁੱਟ ਦੇ ਸਮਾਨ ਸਮੇਤ ਕਾਬੂ ਕੀਤਾ ਗਿਆ। ਡੀਐਸਪੀ ਭਰਪੂਰ ਸਿੰਘ ਅਤੇ ਐਸਐਚਓ ਦੀਪਇੰਦਰਪਾਲ ਸਿੰਘ ਜੇਜੀ ਨੇ ਦੱਸਿਆ ਕਿ ਬਿੰਦਰ ਸਿੰਘ ਖ਼ਿਲਾਫ਼ ਪਹਿਲਾਂ ਵੀ ਲੁੱਟ-ਖੋਹ ਅਤੇ ਝਪਟਮਾਰੀ ਦੇ ਚਾਰ ਕੇਸ ਦਰਜ਼ ਹਨ ਅਤੇ ਰਾਕੇਸ਼ ਕੁਮਾਰ ਖ਼ਿਲਾਫ਼ ਇੱਕ ਕੇਸ ਦਰਜ ਹੈ। ਉਨ੍ਹਾਂ ਕਿਹਾ ਕਿ ਅਪਰਾਧ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਟਨਾ ਦੀ ਪੂਰੀ ਜਾਣਕਾਰੀ ਦੇਣ ਅਤੇ ਐਫ.ਆਈ.ਆਰ ਦਰਜ਼ ਕਰਵਾਉਣ ਲਈ ਪੁਲਿਸ ਕੋਲ ਬਿਆਨ ਦੇਣ ਤਾਂ ਹੀ ਅਜਿਹੇ ਸਮਾਜ ਵਿਰੋਧੀ ਅਨਸਰਾਂ’ਤੇ ਸ਼ਿਕੰਜਾ ਕੱਸਿਆ ਜਾ ਸਕੇ। ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਬਾਜ਼ਾਰਾਂ ਵਿੱਚ ਚੌਕੀਦਾਰ ਰੱਖਣ ਨੂੰ ਯਕੀਨੀ ਬਣਾਉਣ।