ਜ਼ੀਰਕਪੁਰ (ਬਿਊਰੋ) ਮੋਹਾਲੀ ਦੇ ਜ਼ੀਰਕਪੁਰ ‘ਚ ਇਕ ਲੜਕੀ ਨੇ ਦਿਨ ਦਿਹਾੜੇ ਦੁਕਾਨ ਲੁੱਟਣ ਦੀ ਕੋਸ਼ਿਸ਼ ਕੀਤੀ।ਹਾਲਾਂਕਿ ਦੁਕਾਨਦਾਰ ਨੇ ਚੁਸਤੀ ਦਿਖਾਉਂਦੇ ਹੋਏ ਖੁਦ ਨੂੰ ਬਚਾਇਆ ਤੇ ਲੜਕੀ ਨੂੰ ਦੁਕਾਨ ਦੇ ਅੰਦਰ ਬੰਦ ਕਰ ਲਿਆ।ਦੁਕਾਨਦਾਰ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ।ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲੜਕੀ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਲੜਕੀ ਕੋਲੋਂ ਇਕ ਚਾਕੂ ਵੀ ਬਰਾਮਦ ਕੀਤਾ ਹੈ ਜਿਸ ਨੂੰ ਦਿਖਾਉਂਦੇ ਹੋਏ ਲੜਕੀ ਨੇ ਦੁਕਾਨਦਾਰ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ। ਜ਼ੀਰਕਪੁਰ ਦੇ ਵੀਆਈਪੀ ਰੋਡ ‘ਤੇ ਸਥਿਤ ਪਾਮ ਸਟਰੀਟ ਮਾਰਕੀਟ ‘ਚ ਰੈਡੀਮੇਡ ਕੱਪੜਿਆਂ ਦੀ ਦੁਕਾਨ ‘ਤੇ ਖਰੀਦਦਾਰੀ ਕਰਨ ਬਹਾਨੇ ਦੁਕਾਨ ਦੇ ਮੈਨੇਜਰ ਨੂੰ ਇਕੱਲਾ ਦੇਖ ਕੇ ਇਕ ਲੜਕੀ ਨੇ ਚਾਕੂ ਦੀ ਨੋਕ ‘ਤੇ ਉਸ ਨੂੰ ਬੰਧਕ ਬਣਾਉਣ ਦੀ ਕੋਸ਼ਿਸ਼ ਕੀਤੀ ਅਤੇ ਉਸ ਤੋਂ 30 ਹਜ਼ਾਰ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ।ਹਾਲਾਂਕਿ, ਦੁਕਾਨ ਦੇ ਮੈਨੇਜਰ ਮੁਕੇਸ਼ ਕੁਮਾਰ ਨੇ ਬੜੀ ਹੁਸ਼ਿਆਰੀ ਨਾਲ ਲੜਕੀ ਤੋਂ ਚਾਕੂ ਖੋਹ ਲਿਆ ਤੇ ਉਸ ਨੂੰ ਦੁਕਾਨ ਅੰਦਰ ਬੰਦ ਕਰ ਕੇ ਬਾਹਰੋਂ ਕੁੰਡੀ ਲਗਾ ਦਿੱਤੀ।ਮੁਕੇਸ਼ ਨੇ ਰੌਲਾ ਪਾ ਕੇ ਆਸ-ਪਾਸ ਦੇ ਦੁਕਾਨਦਾਰਾਂ ਨੂੰ ਇਕੱਠਾ ਕੀਤਾ ਤੇ ਪੁਲਿਸ ਕੰਟਰੋਲ ਰੂਮ ‘ਚ ਸੂਚਨਾ ਦਿੱਤੀ।ਸੂਚਨਾ ਮਿਲਣ ’ਤੇ ਥਾਣਾ ਜ਼ੀਰਕਪੁਰ ਦੇ ਪੁਲਿਸ ਮੁਲਾਜ਼ਮ ਰਾਜੇਸ਼ ਚੌਹਾਨ ਤੇ ਰਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ, ਜਿਨ੍ਹਾਂ ਨੇ ਲੜਕੀ ਨੂੰ ਕਾਬੂ ਕਰ ਕੇ ਥਾਣੇ ਲਿਆਂਦਾ।ਇਹ ਘਟਨਾ ਦੁਪਹਿਰ ਕਰੀਬ 12.15 ਵਜੇ ਵਾਪਰੀ।ਇਹ ਸਾਰੀ ਘਟਨਾ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ ਹੈ।ਦੁਕਾਨ ਦੇ ਮੈਨੇਜਰ ਮੁਕੇਸ਼ ਕੁਮਾਰ ਨੇ ਦੱਸਿਆ ਕਿ ਉਹ ਵੀਆਈਪੀ ਰੋਡ ’ਤੇ ਕ੍ਰਿਤਿਕਾ ਰੈਡੀਮੇਡ ਗਾਰਮੈਂਟਸ ਦੀ ਦੁਕਾਨ ’ਤੇ ਮੈਨੇਜਰ ਹੈ। ਬੁੱਧਵਾਰ ਦੁਪਹਿਰੇ ਇਕ ਮੁਟਿਆਰ ਦੁਕਾਨ ‘ਤੇ ਖਰੀਦਦਾਰੀ ਕਰਨ ਆਈ ਸੀ ਤੇ ਲੜਕੀ ਨੇ ਰੁਮਾਲ ਨਾਲ ਮੂੰਹ ਢਕਿਆ ਹੋਇਆ ਸੀ। ਲੜਕੀ ਨੇ ਉਸ ਨੂੰ ਨਾਈਟ ਸੂਟ ਦਿਖਾਉਣ ਲਈ ਕਿਹਾ। ਫਿਰ ਲੜਕੀ ਨਾਈਟ ਸੂਟ ਪਾਉਣ ਲਈ ਟਰਾਈ ਰੂਮ ‘ਚ ਗਈ। ਟਰਾਈ ਰੂਮ ਵਿੱਚ ਲੜਕੀ ਨੇ ਮੈਨੇਜਰ ਮੁਕੇਸ਼ ਨੂੰ ਕਿਰਲੀ ਤੇ ਕਾਕਰੋਚ ਹੋਣ ਦਾ ਬਹਾਨਾ ਲਗਾ ਕੇ ਅੰਦਰ ਬੁਲਾਇਆ। ਜਿਵੇਂ ਹੀ ਮੁਕੇਸ਼ ਕੈਬਿਨ ‘ਚ ਗਿਆ ਤਾਂ ਲੜਕੀ ਨੇ ਅਚਾਨਕ ਚਾਕੂ ਕੱਢ ਕੇ ਉਸ ਦੀ ਧੌਣ ‘ਤੇ ਰੱਖ ਦਿੱਤਾ ਅਤੇ ਉਸ ਕੋਲੋਂ 30 ਹਜ਼ਾਰ ਰੁਪਏ ਦੀ ਮੰਗ ਕੀਤੀ।ਮੁਕੇਸ਼ ਨੇ ਛੇਤੀ ਨਾਲ ਲੜਕੀ ਦੇ ਹੱਥੋਂ ਚਾਕੂ ਖੋਹ ਲਿਆ ਤੇ ਉਸ ਨੂੰ ਧੱਕਾ ਦੇ ਕੇ ਦੁਕਾਨ ਅੰਦਰ ਬੰਦ ਕਰ ਦਿੱਤਾ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਲੜਕੀ ਨੂੰ ਗ੍ਰਿਫਤਾਰ ਕਰ ਲਿਆ ਤੇ ਥਾਣੇ ਲੈ ਗਈ। ਪੁਲਿਸ ਨੂੰ ਦੁਕਾਨ ਦੇ ਬਾਹਰੋਂ ਲੜਕੀ ਦੀ ਸਕੂਟੀ ਵੀ ਮਿਲੀ। ਮੈਨੇਜਰ ਮੁਕੇਸ਼ ਨੇ ਦੱਸਿਆ ਕਿ ਲੜਕੀ ਪਿਛਲੇ ਦਿਨ ਵੀ ਰੇਕੀ ਕਰ ਕੇ ਦੁਕਾਨ ‘ਤੇ ਆਈ ਸੀ, ਜਿਸ ਨੂੰ ਉਸ ਨੇ ਪਛਾਣ ਲਿਆ ਸੀ।ਜ਼ੀਰਕਪੁਰ ਦੇ ਐੱਸਐੱਚਓ ਓਂਕਾਰ ਸਿੰਘ ਬੜਾੜ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹੁਣ ਤਕ ਕੀਤੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਲੜਕੀ ਦਿਮਾਗੀ ਤੌਰ ‘ਤੇ ਠੀਕ ਨਹੀਂ ਹੈ ਤੇ ਜ਼ੀਰਕਪੁਰ ਦੀ ਰਹਿਣ ਵਾਲੀ ਹੈ।ਉਸ ਦੇ ਪਰਿਵਾਰ ਵਾਲਿਆਂ ਨੂੰ ਪੁੱਛਗਿੱਛ ਲਈ ਥਾਣੇ ਬੁਲਾਇਆ ਜਾ ਰਿਹਾ ਹੈ।