ਬਟਾਲਾ(ਜਗਰੂਪ ਸੋਹੀ-ਅਸਵਨੀ ਕੁਮਾਰ)ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਦਿਨੇਸ਼ ਸਿੰਘ ਬੱਬੂ ਨੂੰ ਟਿਕਟ ਮਿਲਣ ਉਪਰੰਤ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹੀਰਾ ਵਾਲੀਆ ਦੀ ਅਗਵਾਈ ਹੇਠ ਬਟਾਲਾ ਦੀ ਰਾਮਲੀਲਾ ਗਰਾਊਂਡ ਵਿਖੇ ਭਾਜਪਾ ਵਰਕਰਾਂ ਦਾ ਇਕ ਵਿਸ਼ਾਲ ਬੂਥ ਸੰਮੇਲਨ ਦਾ ਸਮਾਰੋਹ ਕੀਤਾ ਗਿਆ। ਇਸ ਮੀਟਿੰਗ ਵਿਚ ਸੂਬਾ ਜਨਰਲ ਸਕੱਤਰ ਰਕੇਸ਼ ਰਠੌਰ, ਸਾਬਕਾ ਐੱਸਸੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ, ਸਾਬਕਾ ਰਾਜ ਸਭਾ ਮੈਂਬਰ ਸਵੇਤ ਮਲਿਕ, ਰਾਜਿੰਦਰ ਬਿੱਟਾ, ਰਾਕੇਸ਼ ਜੋਯਤੀ, ਸੂਰਜ ਭਰਦਵਾਜ, ਅਸ਼ਵਨੀ ਸੇਖੜੀ, ਰਾਕੇਸ਼ ਜੋਤੀ, ਰਾਕੇਸ਼ ਭਾਟੀਆ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਇਸ ਮੌਕੇ ਸੰਬੋਧਨ ਕਰਦਿਆਂ ਦਿਨੇਸ਼ ਸਿੰਘ ਬੱਬੂ ਨੇ ਕਿਹਾ ਕਿ ਉਹ ਮੈਂਬਰ ਪਾਰਲੀਮੈਂਟ ਬਣਨ ‘ਤੇ ਬਟਾਲਾ ਸ਼ਹਿਰ ਵਿੱਚੋਂ ਨਸ਼ੇ ਦਾ ਕੋੜ ਸਭ ਤੋਂ ਪਹਿਲਾਂ ਕੱਢਣਗੇ ਤੇ ਬਟਾਲਾ ਡਿਵੈਲਪਮੈਂਟ ‘ਚ ਅਹਿਮ ਯੋਗਦਾਨ ਪਾਣਗੇ। ਸਾਬਕਾ ਐੱਸਸੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਅਤੇ ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਆਪਣੇ ਵਿਚਾਰ ਰੱਖੇ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰ ਅੰਦੇਸ਼ੀ ਸੋਚ ਸਦਕਾ ਭਾਰਤ ਵਿਸ਼ਵ ਦੇ ਨਕਸ਼ੇ ਤੇ ਮੁਹਰਲੇ ਦੇਸ਼ਾਂ ‘ਚ ਸ਼ਾਮਲ ਹੋ ਗਿਆ। ਭਾਜਪਾ ਬਟਾਲਾ ਦੇ ਜ਼ਲਿ੍ਹਾ ਪ੍ਰਧਾਨ ਹੀਰਾਵਾਲੀਆ ਨੇ ਸਭ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਭਾਜਪਾ ਵਰਕਰ ਪੂਰੇ ਉਤਸਾਹ ਨਾਲ ਚੋਣ ਪ੍ਰਚਾਰ ਕਰਨਗੇ।ਇਸ ਮੀਟਿੰਗ ‘ਚ ਜ਼ਿਲ੍ਹਾ ਜਨਰਲ ਸਕੱਤਰ ਲਾਜਵੰਤ ਸਿੰਘ ਲਾਟੀ, ਰੋਸ਼ਨ ਲਾਲ, ਪੰਕਜ ਸ਼ਰਮਾ, ਦੀਪਕ ਜੋਸ਼ੀ, ਗੁਰਦੀਪ ਸਿੰਘ, ਚੰਦਰ ਨਗਰ ਮੰਡਲ ਪ੍ਰਧਾਨ ਅਮਨਦੀਪ ਸਿੰਘ ਆਦਿ ਸਮੇਤ ਵੱਡੀ ਗਿਣਤੀ ‘ਚ ਭਾਜਪਾ ਆਗੂ ਤੇ ਵਰਕਰ ਹਾਜ਼ਰ ਸਨ।