ਇਤਰਾਜ਼ਯੋਗ ਵੀਡੀਓ ਅਤੇ ਫੋਟੋਆਂ ਵਾਇਰਲ ਕਰਨ ਦੀ ਧਮਕੀ ਦਿੱਤੀ
ਹਠੂਰ , 27 ਅਪ੍ਰੈਲ ( ਲਿਕੇਸ਼ ਸ਼ਰਮਾਂ )- ਸੋਸ਼ਲ ਸਾਈਟ ਸਨੈਪਚੈਟ ’ਤੇ ਲੜਕੀ ਨਾਲ ਗੱਲਬਾਤ ਸ਼ੁਰੂ ਕਰ ਕੇ ਉਸ ਨੂੰ ਦੋਸਤੀ ਤੱਕ ਪਹੁੰਚਾ ਕੇ ਮੋਬਾਈਲ ’ਤੇ ਇਤਰਾਜ਼ਯੋਗ ਫੋਟੋਆਂ ਅਤੇ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਨਾਲ ਬਲਾਤਕਾਰ ਕੀਤਾ। ਪੀੜਤ ਲੜਕੀ ਦੇ ਬਿਆਨਾਂ ’ਤੇ ਅਜਮੇਰ ਸ਼ਰੀਫ ਵਾਸੀ ਪਿੰਡ ਨੱਥੋਵਾਲ ਥਾਣਾ ਹਠੂਰ ਦੇ ਖਿਲਾਫ ਧਾਰਾ 376 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਏਐਸਆਈ ਮਨੋਹਰ ਲਾਲ ਨੇ ਦੱਸਿਆ ਕਿ ਲੜਕੀ (30 ਸਾਲ) ਵਾਸੀ ਰੋਪੜ ਜ਼ਿਲ੍ਹਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਸ ਦੀ ਸੋਸ਼ਲ ਸਾਈਟ ਸਨੈਪਚੈਟ ’ਤੇ ਅਜਮੇਰ ਸ਼ਰੀਫ਼ ਵਾਸੀ ਪਿੰਡ ਨੱਥੋਵਾਲ ਨਾਲ ਗੱਲਬਾਤ ਹੋਈ ਸੀ। ਇਸ ਦੌਰਾਨ ਉਨ੍ਹਾਂ ਦੀ ਨੇੜਤਾ ਵਧ ਗਈ ਅਤੇ ਦਸੰਬਰ 2023 ’ਚ ਅਜਮੇਰ ਸ਼ਰੀਫ ਨੇ ਉਸ ਨੂੰ ਬੁਲਾਇਆ ਅਤੇ ਉਸ ਨੂੰ ਵਰਗਲਾ ਕੇ ਉਸ ਨਾਲ ਸਰੀਰਕ ਸਬੰਧ ਬਣਾਏ। ਇਸ ਤੋਂ ਬਾਅਦ ਉਹ ਉਸ ਨੂੰ ਪਿੰਡ ਨੱਥੋਵਾਲ ਸਥਿਤ ਫਾਰਮ ਹਾਊਸ ਲੈ ਗਿਆ ਅਤੇ ਉੱਥੇ ਵੀ ਉਸ ਨਾਲ ਜ਼ਬਰਦਸਤੀ ਕੀਤੀ ਅਤੇ ਉਸ ਦੀਆਂ ਇਤਰਾਜ਼ਯੋਗ ਫੋਟੋਆਂ ਖਿੱਚੀਆਂ ਅਤੇ ਮੋਬਾਈਲ ਫੋਨ ’ਤੇ ਉਸ ਦੀ ਵੀਡੀਓ ਬਣਾ ਲਈ। ਜਦੋਂ ਉਸ ਨੇ ਇਸ ਦਾ ਵਿਰੋਧ ਕੀਤਾ ਤਾਂ ਉਸ ਨੇ ਉਸ ਨੂੰ ਹਥਿਆਰ ਨਾਲ ਡਰਾਇਆ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਉਹ ਉਸ ਨੂੰ ਉਸ ਦੀਆਂ ਫੋਟੋਆਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਅਪਲੋਡ ਕਰਨ ਦੀਆਂ ਧਮਕੀਆਂ ਦੇ ਕੇ ਸਮੇਂ-ਸਮੇਂ ’ਤੇ ਵੱਖ-ਵੱਖ ਹੋਟਲਾਂ ’ਚ ਲਿਜਾ ਕੇ ਉਸ ਨਾਲ ਜ਼ਬਰਦਸਤੀ ਕਰਦਾ ਰਿਹਾ। ਇਸ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਅਜਮੇਰ ਸ਼ਰੀਫ ਖਿਲਾਫ ਮਾਮਲਾ ਦਰਜ ਕੀਤਾ ਗਿਆ।