ਜ਼ੀਰਾ , 18 ਜੂਨ ( ਲਿਕੇਸ਼ ਸ਼ਰਮਾਂ, ਰਿਤੇਸ਼ ਭੱਟ ) : ਕੈਨੇਡਾ ਜਾਣ ਦੀ ਤਿਆਰੀ ਕਰ ਰਹੇ ਪਿੰਡ ਮਨਸੂਰਵਾਲ ਦੇ ਇਕ ਨੌਜਵਾਨ ਦੀ ਸੜਕ ਹਾਦਸੇ ਨੇ ਜਾਨ ਲੈ ਲਈ ਹੈ।ਹਾਦਸਾ ਉਸ ਵਕਤ ਵਾਪਰਿਆ ਜਦੋਂ ਜ਼ੀਰਾ ਸ਼ਹਿਰ ਤੋਂ ਸਾਮਾਨ ਦੀ ਖਰੀਦੋ-ਫਰੋਖ਼ਤ ਕਰ ਕੇ ਵਾਪਸ ਆਪਣੇ ਪਿੰਡ ਜਾ ਰਿਹਾ ਸੀ।ਜਾਣਕਾਰੀ ਮੁਤਾਬਕ ਦਿਲਪ੍ਰੀਤ ਸਿੰਘ ਬੀਤੀ ਰਾਤ ਜਦੋਂ ਸਵਿਫਟ ਕਾਰ ਨੰਬਰ ਪੀਬੀ 47 ਈ 6111 ਵਾਪਸ ਪਿੰਡ ਜਾ ਰਿਹਾ ਸੀ ਤਾਂ ਪੀਆਰਟੀਸੀ ਦੀ ਬੱਸ ਨੰਬਰ ਪੀਬੀ 04 ਏ ਈ 2674 ਦੇ ਦਰਮਿਆਨ ਹੋਈ ਟੱਕਰ ‘ਚ ਦਰਦਨਾਕ ਮੌਤ ਹੋ ਗਈ।ਇਹ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ।ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦਿਲਪ੍ਰੀਤ ਦੇ ਮਾਮੇ ਨੇ ਦੱਸਿਆ ਕਿ ਦਿਲਪ੍ਰੀਤ ਜਿਸ ਨੇ ਆਉਣ ਵਾਲੀ 24 ਜੂਨ ਨੂੰ ਕੈਨੇਡਾ ਜਾਣਾ ਸੀ ਜਿਸ ਦੇ ਸਬੰਧ ‘ਚ ਉਹ ਖ਼ਰੀਦੋ-ਫ਼ਰੋਖਤ ਕਰ ਰਿਹਾ ਸੀ।ਬੀਤੀ ਰਾਤ ਜਦੋਂ ਦਿਲਪ੍ਰੀਤ ਆਪਣੀ ਸਵਿਫਟ ਕਾਰ ‘ਤੇ ਸਵਾਰ ਹੋ ਕੇ ਜ਼ੀਰਾ ਤੋਂ ਆਪਣੇ ਪਿੰਡ ਮਨਸੂਰਵਾਲ ਕਲਾਂ ਵੱਲ ਨੂੰ ਜਾ ਰਿਹਾ ਸੀ ਤਾਂ ਸਾਹਮਣੇ ਤੋਂ ਆ ਰਹੀ ਪੀ ਆਰ ਟੀ ਸੀ ਦੀ ਬੱਸ ਨਾਲ ਉਸਦੀ ਕਾਰ ਦੀ ਆਹਮੋ ਸਾਹਮਣੀ ਟੱਕਰ ਹੋ ਗਈ।ਇਸ ਹਾਦਸੇ ਦੌਰਾਨ ਦਿਲਪ੍ਰੀਤ ਦੀ ਮੌਕੇ ‘ਤੇ ਮੌਤ ਹੋ ਗਈ ਉਸ ਦੇ ਮਾਮੇ ਨੇ ਦੱਸਿਆ ਕਿ ਦਿਲਪ੍ਰੀਤ ਆਪਣੀ ਮਾਂ-ਪਿਓ ਦਾ ਇਕਲੌਤਾ ਪੁੱਤ ਸੀ ਅਤੇ ਕੁਝ ਸਮਾਂ ਪਹਿਲਾਂ ਹੀ ਉਸ ਦੇ ਪਿਤਾ ਦੀ ਵੀ ਮੌਤ ਹੋ ਗਈ ਸੀ।
