ਸਾਡੀ ਅਲਗਰਜ਼ੀ ਦਾ ਸਿਖ਼ਰ ਵੇਖੋ, ਜਿਸ ਸ਼ਾਇਰ ਵੂੰ ਪੜ੍ਹ ਪੜ੍ਹ ਲਿਖਣਾ ਸਿੱਖਿਆ, ਉਹੀ ਗੁਆ ਲਿਆ ਸੀ। ਚੰਗੀ ਗੱਲ ਹੈ ਕਿ ਲਗਪਗ ਪੈਂਤੀ ਚਾਲੀ ਸਾਲ ਬਾਦ ਲੱਭ ਪਿਆ ਹੈ।
ਮੈਂ ਆਪਣੀ ਨਵੀਂ ਰੁਬਾਈ ਪੁਸਤਕ ਜਲ ਕਣ ਦੇ ਫਾਈਨਲ ਪਰੂਫ਼ ਪੜ੍ਹ ਰਿਹਾ ਸਾਂ ਜਦ ਫੋਨ ਦੀ ਘੰਟੀ ਵੱਜੀ।
ਸਿਆਣੀ ਉਮਰ ਵਾਲੀ ਆਵਾਜ਼ ਸੀ ਪਰ ਝਿਜਕਵੀਂ। ਉਹ ਬੋਲੇ ਦਸ ਮਿੰਟ ਮਿਲ ਜਾਣਗੇ!
ਮੈਂ ਕੰਮ ਸਮੇਟਣ ਦੀ ਕਾਹਲ ਚ ਕਿਹਾ ਇੱਕ ਦੋ ਮਿੰਟ ਚ ਗੱਲ ਕਰ ਲਈਏ ਹੁਣ ਬਾਕੀ ਸ਼ਾਮ ਨੂੰ ਸਹੀ।
ਮੈਂ ਨਾਮ ਪੁੱਛਿਆ ਤਾਂ ਅਗਲੇ ਪਾਸੇ ਵਰਿਆਮ ਅਸਰ ਸਨ। ਮੈਂ ਪਿਛਲੇ 35 ਸਾਲ ਤੋਂ ਉਨ੍ਹਾਂ ਨੂੰ ਲੱਭ ਰਿਹਾ ਸਾਂ। ਤੁਰਦੇ ਤੁਰਦੇ ਕਿੱਧਰ ਗਏ ਮੋਹਨਜੀਤ ਦੇ ਸਹਿਪਾਠੀ ਤੇ ਸਹਿਮਾਰਗੀ।
ਕਦੇ ਪ੍ਰੀਤਲੜੀ, ਆਰਸੀ ਤੇ ਨਾਗਮਣੀ ਮੈਗਜ਼ੀਨ ਇਨ੍ਹਾਂ ਦੋਹਾਂ ਦੀ ਰਚਨਾ ਬਿਨ ਨਹੀਂ ਸੀ ਛਪਦਾ। ਕਿੱਧਰ ਗਿਆ?
ਬੜਿਆਂ ਨੂੰ ਪੁੱਛਿਆ, ਜਵਾਬ ਸੀ, ਸਾਨੂੰ ਨਹੀਂ ਪਤਾ। ਕਦੇ ਕਿਸੇ ਪੁਰਾਣੇ ਬੰਦੇ ਨੇ ਦੱਸਣਾ, ਅੰਬਰਸਰ ਵੱਡੇ ਡਾਕਖਾਨੇ ਚ ਹੁੰਦਾ ਸੀ, ਹੁਣ ਨਹੀਂ ਲੱਭਿਆ ਕਦੇ। ਅਲਗਰਜ਼ਾਂ ਨੇ ਕਹਿਣਾ, ਮਰ ਖਪ ਗਿਆ ਹੋਣੈ, ਤੂੰ ਕੀ ਕਰਾਉਣੈਂ ਉਸ ਤੋਂ?
ਪਰ ਮੈਂ ਆਪਣੀ ਤਲਬ ਦਾ ਕੀ ਕਰਦਾ ਜੋ ਪੁਰਾਣੇ ਬਿਰਖ ਲੱਭਦੀ ਹੈ! ਜਿੰਨ੍ਹਾਂ ਦੀਆਂ ਛਾਵਾਂ ਮਾਣੀਆਂ, ਭਾਵੇਂ ਘੜੀ ਪਲ ਹੀ ਸਹੀ।
ਪਿੱਛੇ ਜਹੇ ਗ਼ਜ਼ਲ ਦਾ ਬੁਲੰਦ ਸ਼ਾਇਰ ਮਹਿੰਦਰ ਦੀਵਾਨਾ ਲੱਭਿਆ ਸੀ ਹੁਸ਼ਿਆਰਪੁਰੋਂ। ਕੰਵਰ ਸੁਖਦੇਵ ਬਾਰੇ ਵੀ ਲਖਵਿੰਦਰ ਜੌਹਲ ਨੇ ਦੱਸਿਐ ਕਿ ਜਿਉਂਦੈ, ਪਰ ਬੀਮਾਰ ਹੈ ਬੰਗਾਲ ਚ ਕਿਸੇ ਰਿਸ਼ਤੇਦਾਰ ਕੋਲ। ਆਸ ਉਮੀਦ ਜਾਗੀ , ਆਪਣੇ ਵਕਤ ਦੇ ਸਮਰੱਥ ਸ਼ਾਇਰ ਨਾਲ ਗੱਲ ਹੋਊ। ਉਸ ਦਾ ਪਿੰਡ ਚੂਹੜਵਾਲੀ ਸੀ ਜਲੰਧਰ ਚ।
ਗੱਲ ਵਰਿਆਮ ਅਸਰ ਨਾਲ ਹੋ ਰਹੀ ਸੀ। ਮਂ ਪੁੱਛਿਆ, ਭਾ ਜੀ, ਸਾਨੂੰ ਤੋਰ ਕੇ ਆਪ ਕਿੱਧਰ ਚਲੇ ਗਏ ਸੀ?
ਉਹ ਬੋਲੇ ਕਿ 1985 ਤੋਂ ਬਾਦ ਮੈਂ ਘਿਰ ਗਿਆ ਸਾਂ ਕਈ ਕਿਸਮ ਦੇ ਝੰਜਟਾਂ ਵਿੱਚ। ਕਬੀਲਦਾਰੀ ਭਾਰੀ, ਸਾਧਨ ਥੋੜੇ, ਸ਼ੌਕ ਕਿਵੇਂ ਪਲਦੇ?
ਉਨ੍ਹਾਂ ਦੱਸਿਆ ਕਿ ਮੇਰਾ
ਜਨਮ 4 ਮਾਰਚ 1937 ਦਾ ਹੈ ਅੰਮ੍ਰਿਤਸਰ ਵਿੱਚ। ਮੈਂ ਚਾਰ ਭੈਣਾਂ ਦਾ ਇਕੱਲਾ ਭਰਾ ਸਾਂ। ਹੁਣ ਤਿੰਨ ਭੈਣਾਂ ਗੁਜ਼ਰ ਚੁੱਕੀਆਂ ਹਨ-ਪਰਿਵਾਰ ਦੀ ਆਰਥਿਕ ਹਾਲਤ ਤਰਸਯੋਗ ਸੀ-ਪਿਤਾ ਬਿਲਕੁਲ ਅਨਪੜ੍ਹ ਸਨ- ਲੱਕੜ ਦਾ ਇਮਾਰਤੀ ਕੰਮ ਕਰਦੇ ਸਨ-ਗੁਰਬਤ ਕਾਰਨ ਮੈਂ ਜ਼ਿਆਦਾ ਪੜ੍ਹ ਨਾ ਸਕਿਆ- 1954 ਵਿੱਚ ਦਸਵੀਂ ਜਮਾਤ ਦੀ ਪੜ੍ਹਾਈ ਮਗਰੋਂ ਸਰਕਾਰੀ ਨੌਕਰੀ ਦੀ ਤਲਾਸ਼ ਲਈ ਬਹੁਤ ਯਤਨਸ਼ੀਲ ਰਹਿਣਾ ਪਿਆ- ਵਿਹਲੇ ਵਕਤ ਵਿਚ ਕਿਸੇ ਪ੍ਰਾਈਵੇਟ ਅਦਾਰੇ ਵਿੱਚ ਮਾਮੂਲੀ ਮਿਹਨਤਾਨੇ ‘ਤੇ ਕੰਮ ਕਰਨਾ ਪਿਆ ਅਤੇ ਨਾਲ ਨਾਲ ਵਿਹਲੇ ਸਮੇਂ ਵਿੱਚ ਗਿਆਨੀ ਕਲਾਸ ਵਿੱਚ ਜਾ ਕੇ ਪੜ੍ਹਨਾ- ਸਰਦਾਰ ਵਿਧਾਤਾ ਸਿੰਘ ਤੀਰ ਮੇਰੇ ਗਿਆਨੀ ਟੀਚਰ ਸਨ- ਗਿਆਨੀ ਤੋਂ ਬਾਅਦ ਕੇਵਲ ਇੰਟਰਨੀਡੀਏਟ ਦੀ ਅੰਗਰੇਜ਼ੀ ਹੀ ਪੜ੍ਹ ਸਕਿਆ।
1957 ਵਿੱਚ ਪੋਸਟਲ ਡਿਪਾਰਟਮੈਂਟ ਵਿਚ ਨੌਕਰੀ ਮਿਲ ਗਈ- ਸਰਕਾਰੀ ਨੌਕਰੀ ਦੀਆਂ ਆਪਣੀਆਂ ਹੀ ਦੁਸ਼ਵਾਰੀਆਂ ਸਨ- ਘਰੇਲੂ ਜ਼ਿੰਮੇਵਾਰੀਆਂ ਦਾ ਆਪਣੀ ਤਰ੍ਹਾਂ ਦਾ ਬੋਝ- ਇਕੱਲਾ ਪੁੱਤਰ ਹੋਣ ਦੀਆਂ, ਮਾਂ ਬਾਪ ਦੀਆਂ ਤੀਖਣ ਮੋਹ-ਤਰੰਗਾਂ- ਹੇਰਵੇ-ਉਦਾਸੀਆਂ ਆਦਿ
ਸ਼ਾਦੀ ਮਗਰੋਂ ਘਰੇਲੂ ਜ਼ਿੰਮੇਵਾਰੀਆਂ ਹੋਰ ਵਧਣ ਲੱਗੀਆਂ।
ਕਵਿਤਾ ਲਿਖਣ ਦੀ ਲਗਨ ਉਦੋਂ ਲੱਗੀ ਜਦੋਂ ਸਰਦਾਰ ਵਿਧਾਤਾ ਸਿੰਘ ਤੀਰ ਸਾਨੂੰ ਗਿਆਨੀ ਕਲਾਸ ਦੇ ਬੱਚਿਆਂ ਨੂੰ ‘ਲੋਕ ਲਿਖਾਰੀ ਸਭਾ ਅੰਮ੍ਰਿਤਸਰ’ ਦੀਆਂ ਸਾਹਿਤਕ ਮੀਟਿੰਗਾਂ ਵਿੱਚ ਲੈ ਕੇ ਜਾਂਦੇ ਸੀ। ਉੱਥੇ ਵੱਡੇ ਵੱਡੇ ਲੇਖਕ ਜਿਵੇਂ ਸ. ਸੁਜਾਨ ਸਿੰਘ (ਕਹਾਣੀਕਾਰ), ਪ੍ਰਿੰਸੀਪਲ ਸ. ਸ.ਅਮੋਲ, ਸ਼ਰਵਨ ਕੁਮਾਰ ਵਰਮਾ (ਉਰਦੂ ਅਫ਼ਸਾਨਾ ਨਿਗਾਰ), ਪ੍ਰੋ. ਕੁਲਬੀਰ ਸਿੰਘ ਕਾਂਗ, ਮੋਹਨ ਸਿੰਘ ਰਾਹੀ, ਤਾਰਾ ਸਿੰਘ ਕੋਮਲ, ਪ੍ਰੋਃਪ੍ਰੀਤਮ ਸਿੰਘ ਪਰਵਾਨਾ, ਹਰਦੀਪ (ਕਹਾਣੀਕਾਰ), ਪ੍ਰੋ. ਪ੍ਰਿਥੀਪਾਲ ਸਿੰਘ, ਬਾਵਾ ਘਨਸ਼ਾਮ, ਸਤਯ ਸ਼ਮ੍ਹਾਂ (ਕਵਿੱਤਰੀ), ਅਮਰ ਚਿੱਤਰਕਾਰ (ਜਿਨ੍ਹਾਂ ਨੂੰ ਮੈਂ ਆਪਣਾ ਗੁਰੂ ਬਣਾ ਲਿਆ) ਆਦਿ ਲੇਖਕ ਆਉਂਦੇ ਸਨ।
ਡਾਕ ਮਹਿਕਮੇ ਦੀ ਨੌਕਰੀ ਦੌਰਾਨ ਮੇਰੀ ਬਦਲੀ ਪਹਿਲਾਂ ਗੁਰਦਾਸਪੁਰ ਤੇ ਫਿਰ ਬਟਾਲਾ ਹੋ ਗਈ। ਉੱਥੇ ਪੰਜ ਸਾਲ 1963 ਤੋਂ 1968ਤਕ ਸਰਵਿਸ ਕੀਤੀ। ਸਵੇਰੇ ਅੰਮ੍ਰਿਤਸਰ ਤੋਂ ਜਾਣਾ ਤੇ ਸ਼ਾਮੀਂ ਵਾਪਸ। ਇਨ੍ਹਾਂ ਦਿਨਾਂ ਵਿਚ ਉਥੇ ਸ਼ਿਵ ਕੁਮਾਰ ਬਟਾਲਵੀ ਨਾਲ ਰੋਜ਼ ਮੁਲਾਕਾਤ ਹੁੰਦੀ ਰਹਿੰਦੀ।
1968 ਤੋਂ ਬਾਅਦ ਸਾਰੀ ਸਰਵਿਸ ਅੰਮ੍ਰਿਤਸਰ ਚ ਹੀ ਗੁਜ਼ਾਰੀ।
ਜ਼ਿਆਦਾ ਨੌਕਰੀ ਦਾ ਸਮਾਂ ਵੱਡੇ ਡਾਕਘਰ ਅੰਮ੍ਰਿਤਸਰ ਵਿੱਚ ਹੀ ਗੁਜ਼ਾਰਿਆ।
ਇੱਥੇ ਕਦੇ ਭਾਅ ਜੀ ਸ. ਗੁਰਸ਼ਰਨ ਸਿੰਘ ਤੇ ਕਦੀ ਕਦੀ ਨਵਤੇਜ ਸਿੰਘ ਜੀ ਡਾਕ ਟਿਕਟਾਂ ਲਈ ਆਉਂਦੇ ਰਹਿੰਦੇ ਤੇ ਮੈਂ ਉਨ੍ਹਾਂ ਲਈ ਸਹਿਯੋਗ ਪਾਤਰ ਹੁੰਦਾ।
ਮੋਹਨਜੀਤ ਤੇ ਮੈਂ ਇਕੇ ਸਕੂਲ ਵਿਚ ਪੜ੍ਹੇ ਹਾਂ। ਦੋਵਾਂ ਨੇ ਇਕੱਠਿਆਂ 1954 ਵਿੱਚ ਦਸਵੀਂ ਪਾਸ ਕੀਤੀ। ਉਹ ਟੀਚਿੰਗ ਵਿਚ ਚਲੇ ਗਏ।
ਮੇਰੀ ਕਾਵਿ- ਰਚਨਾ ਦਾ ਸਿਲਸਿਲਾ 1983-84 ਤੱਕ ਹੀ ਜਾਰੀ ਰਹਿ ਸਕਿਆ।
1964 ਚ ਮੇਰੀ ਪਹਿਲੀ ਕਿਤਾਬ ਕਿਤਾਬ ਸ਼ੀਸ਼ੇ ਦੀ ਕੰਧ ਛਪੀ ਸੀ ਉਸ ਦਾ ਮੁੱਖ ਬੰਦ ਜਗਤਾਰ ਨੇ ਲਿਖਿਆ। ਉਦੋਂ ਉਹ ਅੱਡਾ ਕੁਠਾਰ(ਜਲੰਧਰ) ਪੜ੍ਹਾਉਂਦਾ ਸੀ ਸਕੂਲ ਵਿੱਚ। ਨਰਿੰਜਨ ਤਸਨੀਮ ਨੇ ਵੀ ਲਿਖਿਆ।
ਦੂਜੀ ਕਿਤਾਬ ਸੱਪਾਂ ਦੇ ਰੰਗ 1972 ਚ ਛਪੀ। ਇਸ ਬਾਰੇ ਸ ਸ ਮੀਸ਼ਾ,ਦੇਵਿੰਦਰ ਸਤਿਆਰਥੀ ਤੇ ਕੁਲਬੀਰ ਸਿੰਘ ਕਾਂਗ ਨੇ ਲਿਖਿਆ।
1974 ਵਿੱਚ ਸੜਕ ਵਰਗਾ ਮਨੁੱਖ ਛਪੀ ਜਿਸ ਨੂੰ ਡਾਃ ਹਰਿਭਜਨ ਸਿੰਘ ਤੇ ਜਸਬੀਰ ਸਿੰਘ ਆਹਲੂਵਾਲੀਆ ਨੇ ਸਲਾਹਿਆ। ਆਪਣੇ ਰੁੱਖ ਜਹੀ ਛਾਂ 1977ਚ ਛਪੀ ਜਿਸ ਬਾਰੇ ਡਾਃ ਅਤਰ ਸਿੰਘ ਤੇ ਹਰਿਨਾਮ ਨੇ ਲਿਖਿਆ। ਬਦਨਾਮ ਮੌਸਮਾਂ ਦੀ ਭੂਮਿਕਾ 1978 ਚ ਛਪੀ ਤੇ 2009 ਵਿੱਚ ਅਰਥ ਵਿਅਰਥ ਆਈ।
ਹੁਣ ਮੇਰਾ ਪੋਤਰਾ ਅਮਨਪ੍ਰੀਤ ਸਿੰਘ ਹਿੰਮਤ ਕਰਕੇ ਮੇਰਾ ਕਲਾਮ ਸੰਭਾਲ ਰਿਹੈ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਆਰਕੀਟੈਕਚਰ ਦਾ ਸਹਾਇਕ ਪ੍ਰੋਫੈਸਰ ਹੈ।
ਪ੍ਰੋਃ ਅਤੈ ਸਿੰਘ ਨੇ ਮੇਰੀ ਸਮੁੱਚੀ ਕਵਿਤਾ ਵਿੱਚੋਂ ਚੋਣ ਕਰਕੇ ਨਾਟਕ ਤੋਂ ਬਾਹਰਲਾ ਸੂਤਰਧਾਰ ਨਾਮ ਹੇਠ 300 ਪੰਨਿਆ ਚ ਬਹੁਤ ਵਧੀਆ ਸੰਪਾਦਨ ਕਰਕੇ ਕੇ ਜੀ ਗਰਾਫਿਕਸ ਤੋਂ ਛਪਵਾਇਆ ਹੈ। ਨਵਾਂ ਕੁਝ ਨਹੀਂ ਲਿਖਿਆ ਜਾ ਰਿਹਾ।
ਮੈਨੂੰ ਲੱਗਿਆ ਕਿ ਪੰਜਾਬੀ ਲੇਖਕਾਂ ਦੀ ਆਪਸੀ ਸਹਿਚਾਰੀ ਅਣਹੋਂਦ ਕਾਰਨ ਕਿੰਨੇ ਲੋਕ ਲਿਖਣਾ ਪੜ੍ਹਨਾ ਛੱਡ ਗਏ ਹਨ।
ਕਿਸੇ ਵੇਲੇ ਦਾ ਵਧੀਆ ਸ਼ਾਇਰ ਰਾਜਬੀਰ ਨਹੀਂ ਲੱਭਦਾ। ਕਰਨਜੀਤ ਦਾ ਨਿੱਕਾ ਵੀਰ। ਡੁੱਬਦੇ ਸੂਰਜ ਨਹੀਂ ਵੇਖੀਦੇ ਦਾ ਸਿਰਜਕ।
ਕੇ ਘਰੇਲੂ ਮਜਬੂਰੀਆਂ, ਹਾਲਾਤ ਦੀਆਂ ਤੰਗੀਆਂ ਤੁਰਸ਼ੀਆਂ ਕਾਰਨ ਵਰਿਆਮ ਅਸਰ ਦਾ ਕਾਵਿ ਸਫ਼ਰ ਰੁਕ ਗਿਆ ਸੀ।
ਕਿੰਨੇ ਨਲਕੇ ਪਾਣੀ ਛੱਡ ਗਏ ਨੇ। ਨਾ ਗੇੜਨ ਕਰਕੇ।
ਇਨ੍ਹਾਂ ਪੁਰਖਿਆਂ ਬਾਰੇ ਅੱਜ ਵੀ ਸਾਡੀਆਂ ਸੰਸਥਾਵਾਂ ਤੇ ਵਿਦਿਅਕ ਅਦਾਰਿਆਂ ਨੂੰ ਜਾਗਣ ਦੀ ਲੋੜ ਹੈ।
ਵਰਿਆਮ ਅਸਰ ਜੀ ਦਾ ਸੰਪਰਕ ਨੰਬਰ +91 98151 45030
ਹੈ। ਗੱਲ ਕਰਿਓ, ਉਨ੍ਹਾਂ ਨੂੰ ਚੰਗਾ ਲੱਗੇਗਾ।
ਗੁਰਭਜਨ ਗਿੱਲ