ਮੋਗਾ, 6 ਮਾਰਚ ( ਕੁਲਵਿੰਦਰ ਸਿੰਘ)ਬੀਤੀ 5 ਮਾਰਚ ਨੂੰ ਮੋਗਾ-ਬਰਨਾਲਾ ਹਾਈਵੇ ਉੱਪਰ ਲੱਗੇ ਭਾਰਤ ਪੈਟਰੋਲੀਅਮ ਪੰਪ ਤੋ ਉਨ੍ਹਾਂ ਦੇ ਮੈਨੇਜਰ ਨਿਰਭੈ ਸਿੰਘ ਅਤੇ ਸੇਲਜਮੈਨ ਪ੍ਰਦੀਪ ਕੁਮਾਰ ਪੰਪ ਤੋਂ 3 ਲੱਖ 65 ਹਜ਼ਾਰ ਰੁਪਏ ਕੈਸ਼ ਲੈ ਕੇ ਪੰਜਾਬ ਐਂਡ ਸਿੰਧ ਬਂੈਕ ਬਿਲਾਸਪੁਰ ਜਮ੍ਹਾਂ ਕਰਾਉਣ ਲਈ ਜਾ ਰਹੇ ਸੀ ਤਾਂ ਦੋ ਨਾਮਾਲੂਮ ਵਿਅਕਤੀ, ਮੈਨੇਜਰ ਨਿਰਭੈ ਸਿੰਘ ਦੀ ਕੁੱਟਮਾਰ ਕਰਕੇ ਜਬਰਦਸਤੀ ਕੈਸ਼ ਵਾਲਾ ਬੈਗ ਖੋਹ ਕੇ ਫਰਾਰ ਹੋ ਗਏ।
ਸੀਨੀਅਰ ਕਪਤਾਨ ਪੁਲਿਸ ਮੋਗਾ ਸ੍ਰੀ ਚਰਨਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਪਤਾਨ ਪੁਲਿਸ (ਆਈ) ਮੋਗਾ ਸ੍ਰੀਮਤੀ ਰੁਪਿੰਦਰ ਕੌਰ ਭੱਟੀ ਅਤੇ ਸਹਾਇਕ ਕਪਤਾਨ ਪੁਲਿਸ ਸਬ ਡਵੀਜ਼ਨ ਨਿਹਾਲ ਸਿੰਘ ਵਾਲਾ ਸ੍ਰੀ ਮੁਹੰਮਦ ਸਰਫ਼ਰਾਜ ਆਲਮ ਦੀ ਯੋਗ ਅਗਵਾਈ ਹੇਠ ਦੋਸ਼ੀਆਂ ਦੀ ਭਾਲ ਲਈ ਪੁਲਿਸ ਦੀਆਂ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ।
ਇਸ ਬਾਰੇ ਜਾਣਕਾਰੀ ਦਿੰਦਿਆਂ ਸੀਨੀਅਰ ਕਪਤਾਨ ਪੁਲਿਸ ਮੋਗਾ ਸ੍ਰੀ ਚਰਨਜੀਤ ਸਿੰਘ ਨੇ ਦੱਸਿਆ ਕਿ ਉਕਤ ਮੁਕੱਦਮਾ ਨੰਬਰ 33 ਮਿਤੀ 05-03-22 ਅ/ਧ 382 ਭ.ਦ ਥਾਣਾ ਨਿਹਾਲ ਸਿੰਘ ਬਿਆਨ ਰਾਹੁਲ ਗਰੋਵਰ ਪੁੱਤਰ ਜਸਪਾਲ ਗਰੋਵਰ ਵਾਸੀ ਪਿੰਡ ਮੱਲਾਂਵਾਲਾ ਦਰਜ ਕੀਤਾ ਗਿਆ।
ਸੀਨੀਅਰ ਕਪਤਾਨ ਪੁਲਿਸ ਮੋਗਾ ਨੇ ਦੱਸਿਆ ਕਿ ਇਨ੍ਹਾਂ ਟੀਮਾਂ ਵੱਲੋਂ ਕੀਤੀ ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ ਅਸਲ ਵਿਚ ਇਸ ਖੋਹ ਦੀ ਸਾਜਿਸ਼ ਪੈਟਰੋਲ ਪੰਪ ਦੇ ਮੈਨੇਜਰ ਨਿਰਭੈ ਸਿੰਘ ਵਾਸੀ ਬਿਲਾਸਪੁਰ ਨੇ ਖੁਦ ਰਚੀ ਸੀ। ਮੈਨੇਜਰ ਨਿਰਭੈ ਸਿੰਘ ਵਾਸੀ ਬਿਲਾਸਪੁਰ, ਸੈਲਜਮੈਨ ਲਵਪ੍ਰੀਤ ਸਿੰਘ ਉਰਫ਼ ਲਵੀ, ਬਲਵੰਤ ਸਿੰਘ ਉਰਫ਼ ਮੋਟੂ ਅਤੇ ਇੰਦਰਜੀਤ ਸਿੰਘ ਉਰਫ਼ ਗੋਲਾ ਵਾਸੀ ਪਿੰਡ ਭਾਗੀਕੇ ਨੇ ਇਸ ਫਰਜੀ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਨਿਰਭੈ ਸਿੰਘ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸਨੇ ਪੈਟਰੋਲ ਪੰਪ ਦੇ ਪੈਸਿਆਂ ਵਿਚੋਂ 2 ਲੱਖ ਰੁਪਏ ਦੀ ਹੇਰਾਫੇਰੀ ਕੀਤੀ ਸੀ। ਇਸ ਹੇਰਾਫੇਰੀ `ਤੇ ਪਰਦਾ ਪਾਉਣ ਲਈ ਉਸਨੇ ਸਾਜਿਸ਼ ਰਚੀ ਅਤੇ ਇਸ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ।
ਮਿਤੀ 05-03-22 ਨੂੰ ਉਹ 1.65 ਲੱਖ ਰੁਪਏ ਦੀ ਨਗਦੀ ਲੈ ਕੇ ਜਾ ਰਿਹਾ ਸੀ ਪਰ ਇਸ ਸ਼ਯੰਤਰ ਦੁਆਰਾ ਕੀਤੀ ਗਈ ਲੁੱਟ ਖੋਹ ਰਾਹੀਂ ਆਪਣੀ ਪਿਛਲੀ ਹੇਰਾਫੇਰੀ ਨੂੰ ਲੁਕਾਉਣ ਲਈ ਰਕਮ ਨੂੰ 3.65 ਲੱਖ ਰੁਪਏ ਦੇ ਰੂਪ ਵਿਚ ਗਲਤ ਦੱਸਿਆ ਹੈ। ਪੈਟਰੋਲ ਪੰਪ ਦੀਆਂ ਅਕਾਂਊਟ ਬੁੱਕਾਂ ਦੀ ਤਸਦੀਕ ਕੀਤੀ ਤਾਂ ਮਾਲਕ ਨੇ ਦੱਸਿਆ ਕਿ ਉਕਤ ਮਿਤੀ ਤੇ ਪੈਟਰੋਲ ਪੰਪ ਦੇ ਮੈਨੇਜਰ ਵੱਲੋਂ 1.65 ਹਜ਼ਾਰ ਦੀ ਰਕਮ ਲਿਜਾਈ ਜਾ ਰਹੀ ਸੀ। ਪੁਲਸ ਦੀਆਂ ਵੱਖ-ਵੱਖ ਟੀਮਾਂ ਨੇ ਸਾਰੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕਰਕੇ, ਤਕਨੀਕੀ ਵਿਸ਼ਲੇਸ਼ਨ ਅਤੇ ਸ਼ੱਕੀ ਵਿਅਕਤੀਆਂ ਦੀ ਪੁੱਛਗਿੱਛ ਕਰਕੇ ਚੰਦ ਘੰਟਿਆਂ ਵਿਚ ਹੀ ਇਸ ਕੇਸ ਨੂੰ ਸੁਲਝਾਉਣ ਵਿਚ ਸਫ਼ਲਤਾ ਹਾਸਲ ਕੀਤੀ।
ਉਨ੍ਹਾਂ ਦੱਸਿਆ ਕਿ ਇਸ ਕੇਸ ਦੇ ਚਾਰੇ ਦੋਸ਼ੀਆਂ ਨੂੰ ਅੱਜ ਮਿਤੀ 6-3-22 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਪਾਸੋਂ 1 ਲੱਖ 65 ਹਜ਼ਾਰ ਰੁਪਏ ਬਰਾਮਦ ਕਰ ਲਏ ਗਏ ਹਨ।
ਇਥੇ ਇਹ ਵੀ ਜਿਕਰਯੋਗ ਹੈ ਕਿ ਬਲਵੰਤ ਸਿੰਘ ਉਰਫ ਮੋਟੂ ਪੁੱਤਰ ਮਹਿੰਦਰ ਸਿੰਘ ਵਾਸੀ ਭਾਗੀਕੇ ਦੇ ਖਿਲਾਫ਼ ਪਹਿਲਾਂ ਵੀ ਮੁਕੱਦਮਾ ਨੰਬਰ 99 ਮਿਤੀ 23-7-19 ਅ/ਧ 379, 379 ਬੀ ਥਾਣਾ ਦਿਆਲਪੁਰਾ, ਬਠਿੰਡਾ ਦਰਜ ਹੈ।