ਜਗਰਾਉਂ, 1 ਨਵੰਬਰ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ)-ਸਥਾਨਕ ਸਿਵਲ ਹਸਪਤਾਲ ਦੇ ਐਸ ਐਮ ਓ ਪ੍ਰਦੀਪ ਮਹਿੰਦਰਾ ਦੀ ਬਦਲੀ, ਰਹਿੰਦੇ ਸ਼ਹੀਦ ਕਿਸਾਨ ਪਰਿਵਾਰਾਂ ਲਈ ਐਲਾਨੀ ਸਰਕਾਰੀ ਨੌਕਰੀ ਦੇ ਪੱਤਰ ਜਾਰੀ ਕਰਾਉਨ, ਪਿਛਲੇ ਸਮੇਂ ਚ ਬਰਬਾਦ ਹੋਈਆਂ ਫਸਲਾਂ ਦੀ ਨੁਕਸਾਨ ਪੂਰਤੀ, ਰੇਤੇ ਬਜਰੀ ਦੀ ਕਾਲਾ ਬਾਜਾਰੀ ਬੰਦ ਕਰਨ ਤੋਂ ਬਿਨਾਂ ਦਰਜਨ ਦੇ ਕਰੀਬ ਅਹਿਮ ਮੰਗਾਂ ਦਾ ਮੰਗਪਤਰ ਦੇਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦਾ ਵਫਦ ਸਿਵਲ ਹਸਪਤਾਲ ਪੁੱਜਾ ਸੀ। ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਅਗਵਾਈ ਚ ਗਏ ਵਫਦ ਸਮੇਤ ਗੱਲਾ ਮਜਦੂਰ ਯੂਨੀਅਨ, ਆਸ਼ਾ ਵਰਕਰ ਯੂਨੀਅਨ, ਸਾਬਕਾ ਫੌਜੀਆਂ ਦੇ ਵਫਦ ਨੂੰ ਪੁਲਸ ਪ੍ਰਸ਼ਾਸਨ ਨੇ ਜੀ ਐ ਚ ਜੀ ਅਕੈਡਮੀ ਵਿਖੇ ਬਣਾਏ ਹੈਲੀਪੈਡ ਤੇ ਮੁੱਖ ਮੰਤਰੀ ਨੂੰ ਮਿਲਾਉਣ ਦਾ ਭਰੋਸਾ ਦਿੱਤਾ। ਸਾਰੇ ਵਫਦ ਲਗਾਤਾਰ ਦੋ ਘੰਟੇ ਮੁੱਖ ਮੰਤਰੀ ਨੂੰ ਮਿਲ ਕੇ ਅਪਣੇ ਅਪਣੇ ਮੰਗ ਪੱਤਰ ਦੇਣ ਲਈ ਉਡੀਕ ਕਰਦੇ ਰਹੇ।ਪਰ ਆਮ ਆਦਮੀ ਪਾਰਟੀ ਦੇ ਖਾਸਮ ਖਾਸ ਮੁੱਖ ਮੰਤਰੀ ਨੇ ਕਿਸੇ ਵੀ ਵਫਦ ਨੂੰ ਮਿਲਣ ਦੀ ਜਰੂਰਤ ਨਾ ਸਮਝੀ। ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲੇ ਦੇ ਵਖ ਵਖ ਬਲਾਕਾਂ ਦੇ ਆਗੂ ਨੁਮਾਇੰਦਿਆ ਨੇ ਮੁੱਖ ਮੰਤਰੀ ਦੀ ਇਸ ਅਣਦੇਖੀ ਦਾ ਰੋਹਭਰੀ ਮੁਰਦਾਬਾਦ ਦੀ ਨਾਅਰੇ ਬਾਜੀ ਕਰਕੇ ਅਪਣਾ ਜੋਰਦੇਰ ਵਿਰੋਧ ਦਰਜ ਕਰਾਇਆ।ਇਸ ਸਮੇਂ ਕਿਸਾਨ ਆਗੂਆਂ ਜਗਤਾਰ ਸਿੰਘ ਦੇਹੜਕਾ,ਜਗਰੂਪ ਸਿੰਘ ਹਸਨਪੁਰ, ਤਾਰਾ ਸਿੰਘ ਅੱਚਰਵਾਲ, ਬਚਿੱਤਰ ਸਿੰਘ ਜਨੇਤਪੁਰਾ ਤੋਂ ਬਿਨਾਂ ਗੱਲਾ ਮਜਦੂਰ ਯੂਨੀਅਨ ਦੇ ਆਗੂ ਕੰਵਲਜੀਤ ਖੰਨਾ, ਦੇਵਰਾਜ ਨੇ ਮੁੱਖ ਮੰਤਰੀ ਦੇ ਇਸ ਤਾਨਾਸ਼ਾਹ ਹੰਕਾਰੀ ਰਵੱਈਏ ਦੀ ਜੋਰਦਾਰ ਨਿੰਦਾ ਕਰਦਿਆਂ ਚਿਤਾਵਨੀ ਦਿੱਤੀ ਕਿ ਜਥੇਬੰਦੀਆਂ ਮੁੱਖ ਮੰਤਰੀ ਦੀ ਭਵਿੱਖਤ ਫੇਰੀ ਦਾ ਹਜਾਰਾਂ ਦੀ ਗਿਣਤੀ ਚ ਜੋਰਦਾਰ ਵਿਰੋਧ ਕਰਨਗੀਆਂ।ਉਨਾਂ ਕਿਹਾ ਕਿ ਇਸ ਤਹਿਸੀਲ ਦੇ ਚਾਰ ਸ਼ਹੀਦ ਕਿਸਾਨ ਪਰਿਵਾਰਾਂ ਜਿਨਾਂ ਚ ਬਲਕਰਨ ਲੋਧੀਵਾਲ, ਸੁਖਵਿੰਦਰ ਸਿੰਘ ਕਾਓਂਕੇ, ਗੁਰਪ੍ਰੀਤ ਸਿੰਘ ਜਗਰਾਂਓ, ਹਰਦੀਪ ਸਿੰਘ ਗਾਲਬ ਕਲਾਂ ਸ਼ਾਮਲ ਹਨ ਦੇ ਪੀੜਤ ਵਾਰਸਾਂ ਨੂੰ ਸਰਕਾਰੀ ਨੌਕਰੀ ਦੇਣ ਦਾ ਅਮਲ ਡੇਢ ਸਾਲ ਤੋਂ ਲਟਕ ਰਿਹਾ ਹੈ, ਪਰ ਦਰਜਨਾਂ ਵੇਰ ਮੰਗ ਕਰਨ ਦੇ ਬਾਵਜੂਦ ਕੋਈ ਸਿੱਟਾ ਨਹੀਂ ਨਿਕਲ ਰਿਹਾ।ਉਨਾਂ ਮੰਗ ਕੀਤੀ ਕਿ ਇਲਾਕੇ ਚ ਸੜੀ ਕਣਕ ਦੇ ਮੁਆਵਜੇ ਜਾਰੀ ਕਰਨ, ਆਵਾਰਾ ਪਸ਼ੂਆਂ ਨੂੰ ਨੱਥ ਪਾਉਣ, ਡੀ ਏ ਪੀ ਖਾਦ ਦੀ ਕਿੱਲਤ ਦੂਰ ਕਰਨ, ਸੁਸਾਇਟੀਆਂ ਨੂੰ ਪੂਰੀ ਮਾਤਰਾ ਚ ਖਾਦ ਭੇਜਣ,ਨਹਿਰੀ ਪਾਣੀ ਦਾ ਪ੍ਰਬੰਧ ਦਰੁਸਤ ਕਰਨ, ਨਕਲੀ ਦੁੱਧ ਦੇ ਵਪਾਰ ਨੂੰ ਰੋਕਣ ਦਾ ਮੰਗਪਤਰ ਕਿਸਾਨ ਜਥੇਬੰਦੀ ਨੇ ਪ੍ਰੈਸ ਨੂੰ ਜਾਰੀ ਕੀਤਾ। ਇਸੇ ਤਰਾਂ ਗੱਲਾ ਮਜਦੂਰ ਯੂਨੀਅਨ ਵਲੋ ਮਜਦੂਰੀ ਰੇਟਾਂ ਚ ਪੱਚੀ ਪ੍ਰਤੀਸ਼ਤ ਵਾਧਾ ਕਰਨ ਦੀ ਮੰਗ ਕੀਤੀ ਗਈ। ਇਸ ਸਮੇਂ ਮਨਜਿੰਦਰ ਸਿੰਘ ਮੋਰਕਰੀਮਾਂ ਰਣਧੀਰ ਸਿੰਘ ਧੀਰਾ, ਸਤਪਾਲ ਸਿੰਘ ਸੱਵਦੀ ਜਗਜੀਤ ਸਿੰਘ ਸੱਵਦੀ, ਕਰਨੈਲ ਸਿੰਘ ਜਨੇਤਪੁਰਾ ਆਦਿ ਹਾਜ਼ਰ ਸਨ।