ਜਗਰਾਉਂ, 5 ਦਸੰਬਰ ( ਭਗਵਾਨ ਭੰਗੂ) – ਸ੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸੀਨੀਅਰ ਸਕੈਡਰੀ ਸਕੂਲ ਜਗਰਾਉ ਵਿਖੇ ਪ੍ਰਿੰਸੀਪਲ ਸ੍ਰੀਮਤੀ ਨੀਲੂ ਨਰੂਲਾ ਦੀ ਅਗਵਾਈ ਅਧੀਨ ਰਾਸ਼ਟਰੀ ਮਿੱਟੀ ਦਿਵਸ ਮਨਾਇਆ ਗਿਆ । ਇਸ ਮੌਕੇ ਅਧਿਆਪਿਕਾ ਮਨਪ੍ਰੀਤ ਕੌਰ ਨੇ ਰਾਸ਼ਟਰੀ ਮਿੱਟੀ ਦਿਵਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਸਟਰੀ ਮਿੱਟੀ ਦਿਵਸ ਹਰ ਸਾਲ 5 ਦਸੰਬਰ ਨੂੰ ਮਨਾਇਆ ਜਾਂਦਾ ਹੈ। ਇਸ ਦਿਵਸ ਨੂੰ ਮਨਾਉਣ ਦਾ ਉਦੇਸ਼ ਲੋਕਾਂ ਨੂੰ ਮਿੱਟੀ ਦੇ ਮਹੱਤਵ ਬਾਰੇ ਜਾਗਰੂਕ ਕਰਨਾ ਹੈ ਕਿਉਂਕਿ ਬਦਲਦੇ ਹਾਲਾਤ ਤੇ ਕਮਾਈ ਨੂੰ ਵਧਾਉਣ ਲਈ ਮਿੱਟੀ ਵਿੱਚ ਲਗਾਤਾਰ ਰਸਾਇਣਿਕ ਖਾਦ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ । ਜਿਸ ਨਾਲ ਮਿੱਟੀ ਦੀ ਉਪਜਾਉ ਸ਼ਕਤੀ ਖਤਮ ਹੋ ਰਹੀ ਹੈ। ਇਸ ਲਈ ਮਿੱਟੀ ਦੇ ਮਹੱਤਵ ਨੂੰ ਸਮਝਣਾ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਵਿਸ਼ਵ ਮਿੱਟੀ ਦਿਵਸ 5 ਦਸੰਬਰ ਨੂੰ ਇਸ ਲਈ ਮਨਾਇਆ ਜਾਂਦਾ ਹੈ ਕਿਉਂਕਿ ਇਸ ਦਿਨ ਥਾਈਲੈਂਡ ਦੇ ਰਾਜਾ ਐਚ ਐਮ ਭੂਮੀਬੋਲ ਅਦੁੱਤਿਆਦਜਕਾ ਦਾ ਜਨਮ ਹੋਇਆ ਸੀ ਤੇ ਉਹ ਇਸ ਮੁਹਿੰਮ ਦੇ ਮੁੱਖ ਸਮਰਥਕਾਂ ਵਿਚੋਂ ਇੱਕ ਸੀ।ਮਿੱਟੀ ਦੇ ਮਹੱਤਵਪੂਰਨ ਪਹਿਲੂ ਜਿਵੇਂ ਸਾਡੇ ਭੋਜਨ ਦਾ 95 % ਹਿੱਸਾ ਮਿੱਟੀ ਤੋਂ ਹੀ ਆਉਂਦਾ ਹੈ। ਮਿੱਟੀ ਵਿੱਚ ਰਹਿਣ ਵਾਲੇ ਜੀਵ ਕਾਰਬਨ ਨੂੰ ਸਟੋਰ ਕਰਨ ਵਿੱਚ ਮਦਦ ਕਰਦੇ ਹਨ। ਮਿੱਟੀ ਵਿੱਚ ਮੌਜੂਦ ਸੂਖਮ- ਜੀਵ ਧਰਤੀ ਉਪਰ ਜੀਵਨ ਨੂੰ ਬਣਾਈ ਰੱਖਣ ਵਿਚ ਦਿਨ ਰਾਤ ਕੰਮ ਕਰਦੇ ਰਹਿੰਦੇ ਹਨ। ਰੁੱਖਾਂ ਦੀ ਕਟਾਈ ਦਾ ਮਾਨਵ ਜੀਵਨ ਤੇ ਬੁਰਾ ਅਸਰ ਹੋ ਰਿਹਾ ਹੈ ।ਇਸ ਲਈ ਸਾਨੂੰ ਮਿੱਟੀ ਦੇ ਸੁੰਰਿਖਅਣ ਵੱਲ ਧਿਆਨ ਦੇਣ ਦੀ ਲੋੜ ਹੈ। ਇਸ ਦੇ ਨਾਲ ਹੀ ਅਧਿਆਪਕਾ ਮਨਪ੍ਰੀਤ ਕੌਰ ਨੇ ਕਵਿਤਾ ‘ਵਾਤਾਵਰਨ ਨੂੰ ਸਵੱਛ ਬਣਾਈਏ ਬਣਦਾ ਆਪਣਾ ਯੋਗਦਾਨ ਪਾਈਏ’ ਗਾ ਕੇ ਸਭ ਨੂੰ ਪ੍ਰੇਰਿਤ ਕੀਤਾ। ਪ੍ਰਿੰਸੀਪਲ ਸ੍ਰੀਮਤੀ ਨੀਲੂ ਨਰੂਲਾ ਨੇ ਬੱਚਿਆਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਮਿੱਟੀ ,ਪਾਣੀ ਸਾਡੇ ਕੁਦਰਤੀ ਸੋਮੇ ਹਨ। ਸਾਨੂੰ ਇਨ੍ਹਾਂ ਕੁਦਰਤੀ ਸੋਮਿਆਂ ਦੀ ਸੰਭਾਲ ਕਰਨੀ ਚਾਹੀਦੀ ਹੈ ਤਾਂ ਜੋ ਆਉਣ ਵਾਲੀਆਂ ਪੀੜੀਆਂ ਇਨ੍ਹਾਂ ਸਾਧਨਾਂ ਤੋਂ ਵਾਂਝੇ ਨਾ ਰਹਿ ਜਾਣ।
