ਲੜਕੀ ਘਰੋਂ 12 ਤੋਲੇ ਸੋਨਾ ਅਤੇ 20 ਹਜ਼ਾਰ ਦੀ ਨਕਦੀ ਲੈ ਗਈ
ਜਗਰਾਓਂ, 6 ਦਸੰਬਰ ( ਰਾਜੇਸ਼ ਜੈਨ, ਭਗਵਾਨ ਭੰਗੂ )-ਪੁਲਿਸ ਜ਼ਿਲ੍ਹਾ ਲੁਧਿਆਣਾ ਦੇਹਤੀ ਅਧੀਨ ਦੋ ਵੱਖ ਵੱਖ ਮਾਮਲਿਆਂ ਵਿਚ ਸੋਨੇ ਦੇ ਗਹਿਣੇ ਬਨਾਉਣ ਵਾਲਾ ਕਾਰੀਗਰ ਜਗਰਾਓਂ ਦੇ ਸੁਨਿਆਰੇ ਦੀਆਂ ਪੰਜ ਦੁਕਾਨਾਂ ਦਾ 143 ਗ੍ਰਾਮ ਸੋਨਾ ਲੈ ਕੇ ਫਰਾਰ ਹੋ ਗਿਆ ਜਦਕਿ ਦੂਜੇ ਪਾਸੇ ਥਾਣਾ ਹਠੂਰ ਦੇ ਇਕ ਪਿੰਡ ਦੀ 24 ਸਾਲ ਦੀ ਲੜਕੀ ਘਰੋਂ 12 ਤੋਲੇ ਸੋਨਾ ਅਤੇ 20 ਹਜ਼ਾਰ ਦੀ ਨਕਦੀ ਲੈ ਗਈ। ਪਹਿਲੀ ਘਟਨਾ ਵਿਚ ਪੁਲਸ ਸੁਨਿਆਰੇ ਦੀ ਦੁਕਾਨ ਤੋਂ ਸੋਨਾ ਲੈ ਕੇ ਜਾਣ ਵਾਲੇ ਕਾਰੀਗਰ ਵਾਲੇ ਮਾਮਲੇ ਵਿਚ ਅਜੇ ਜਾਂਚ ਕਰ ਰਹੀ ਹੈ ਅਤੇ ਲੜਕੀ ਦੇ ਮਾਮਲੇ ’ਚ ਥਾਣਾ ਹਠੂਰ ਵਿਖੇ ਦੋ ਸਕੇ ਭਰਾਵਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪਹਿਲੀ ਘਟਨਾ ਵਿੱਚ ਕੋਲਕਾਤਾ ਦੇ ਡੋਮਚੁਰ ਹਾਵੜਾ ਇਲਾਕੇ ਦਾ ਰਹਿਣ ਵਾਲਾ ਕਾਰੀਗਰ ਦੀਪਕ ਦਾਸ ਜੋ ਕਿ ਨਲਕੇਆ ਵਾਲਾ ਚੌਕ ਨੇੜੇ ਸਥਿਤ ਸੁਨਿਆਰੇ ਦੀਆਂ ਦੁਕਾਨਾਂ ਲਈ ਸੋਨੇ ਦੇ ਗਹਿਣੇ ਬਣਾਉਂਦਾ ਸੀ। ਉਹ ਪੰਜ ਸੁਨਿਆਰਿਆਂ ਦਾ ਸੋਨਾ ਲੈ ਕੇ ਫਰਾਰ ਹੋ ਗਿਆ। ਜਿਨ੍ਹਾਂ ਦੁਕਾਨਾਂ ਤੋਂ ਕਾਰੀਗਰ ਸੋਨਾ ਲੈ ਕੇ ਭੱਜ ਗਿਆ ਹੈ ਉਨ੍ਹਾਂ ਵਿੱਚੋਂ ਚਾਰ ਸ਼ਹਿਰ ਦੇ ਨਾਮੀ ਸੁਨਿਆਰੇ ਹਨ। ਮੁਲਜ਼ਮ ਨਿਊ ਕੰਡਾ ਜਵੈਲਰਜ਼ ਦਾ 40 ਗ੍ਰਾਮ, ਹਰੀ ਜਵੈਲਰਜ਼ ਦਾ 25 ਗ੍ਰਾਮ, ਬੀ.ਕੇ ਜਵੈਲਰਜ਼ ਦਾ 25 ਗ੍ਰਾਮ, ਨਿਊ ਡਾਇਮੰਡ ਜਵੈਲਰਜ਼ ਦਾ 25 ਗ੍ਰਾਮ ਅਤੇ ਸ਼ਿਕਾਇਤਕਰਤਾ ਲਕਸ਼ਮਣ ਦਾ 28 ਗ੍ਰਾਮ ਸੋਨਾ ਲੈ ਕੇ ਫਰਾਰ ਹੋ ਗਿਆ। ਸ਼ਿਕਾਇਤਕਰਤਾ ਲਕਸ਼ਮਣ ਕੁਮਾਰ, ਜੋ ਕਿ ਕੋਲਕਾਤਾ ਦਾ ਰਹਿਣ ਵਾਲਾ ਹੈ, ਦੇ ਪਾਸ ਉਕਤ ਕਾਰੀਗਰ ਕੁਝ ਸਮਾਂ ਪਹਿਲਾਂ ਹੀ ਆਇਆ ਸੀ। ਲਕਸ਼ਮਣ ਕੁਮਾਰ ਨੇ ਦੱਸਿਆ ਕਿ ਉਸ ਦੇ ਇਲਾਕੇ ਦਾ ਰਹਿਣ ਵਾਲਾ ਹੋਣ ਕਾਰਨ ਉਸ ਨੇ ਦੀਪਕ ਦਾਸ ’ਤੇ ਭਰੋਸਾ ਕਰਕੇ ਉਸ ਨੂੰ ਕੰਮ ’ਤੇ ਰੱਖਿਆ ਸੀ। ਲਕਸ਼ਮਣ ਕੁਮਾਰ ਅਨੁਸਾਰ ਕੁਝ ਦਿਨ ਪਹਿਲਾਂ ਸ਼ਹਿਰ ਦੇ ਚਾਰ ਸੁਨਿਆਰਿਆਂ ਵੱਲੋਂ ਉਸਨੂੰ ਸੋਨਾ ਗਹਿਣੇ ਬਣਾਉਣ ਲਈ ਦਿੱਤਾ ਗਿਆ ਸੀ, ਜਿਸ ਨੂੰ ਲੈ ਕੇ ਦੀਪਕ ਫਰਾਰ ਹੋ ਗਿਆ। ਪਹਿਲਾਂ ਤਾਂ ਮੁਲਜ਼ਮਾਂ ਨੇ ਉਸ ਦਾ ਅਤੇ ਹੋਰ ਦੁਕਾਨਦਾਰਾਂ ਦਾ ਭਰੋਸਾ ਜਿੱਤ ਲਿਆ ਅਤੇ ਜਦੋਂ ਉਸ ਕੋਲ 7-8 ਲੱਖ ਰੁਪਏ ਦਾ ਸੋਨਾ ਜਮ੍ਹਾਂ ਹੋ ਗਿਆ ਤਾਂ ਉਹ ਰਾਤੋ ਰਾਤ ਜਗਰਾਉਂ ਛੱਡ ਕੇ ਫ਼ਰਾਰ ਹੋ ਗਿਆ। ਇਸ ਸਬੰਧੀ ਸ਼ਿਕਾਇਤ ਐਸਐਸਪੀ ਜ਼ਿਲ੍ਹਾ ਲੁਧਿਆਣਾ ਦਿਹਾਤੀ ਹਰਜੀਤ ਸਿੰਘ ਨੂੰ ਦਿੱਤੀ ਗਈ ਹੈ। ਜਿਨ੍ਹਾਂ ਨੇ ਅੱਗੇ ਜਾਂਚ ਥਾਣਾ ਸਿਟੀ ਵਿਖੇ ਤਾਇਨਾਤ ਏ.ਐਸ.ਆਈ ਤਰਸੇਮ ਸਿੰਘ ਨੂੰ ਮਾਰਕ ਕੀਤੀ ਗਈ ਹੈ।
ਦੂਜੀ ਘਟਨਾ ਵਿੱਚ ਕਸਬਾ ਹਠੂਰ ਦੇ ਪਿੰਡ ਰਸੂਲਪੁਰ ਦੀ ਰਹਿਣ ਵਾਲੀ 24 ਸਾਲਾ ਲੜਕੀ ਘਰੋਂ 12 ਤੋਲੇ ਸੋਨਾ ਅਤੇ 20 ਹਜ਼ਾਰ ਰੁਪਏ ਦੀ ਨਕਦੀ ਲੈ ਕੇ ਫ਼ਰਾਰ ਹੋ ਗਈ। ਇਸ ਸਬੰਧੀ ਥਾਣਾ ਹਠੂਰ ਵਿੱਚ ਦੋ ਸਕੇ ਭਰਾਵਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਏਐਸਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਘਰੋਂ ਸੋਨਾ ਅਤੇ ਨਕਦੀ ਲੈ ਕੇ ਗਈ ਲੜਕੀ ਦੇ ਭਰਾ ਸੁਰਿੰਦਰ ਸਿੰਘ ਵਾਸੀ ਪਿੰਡ ਰਸੂਲਪੁਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਕਿ ਅਸੀਂ ਖੇਤੀਬਾੜੀ ਦਾ ਕੰਮ ਕਰਦੇ ਹਾਂ। ਮੈਂ ਆਪਣੇ ਪਿਤਾ ਨਾਲ ਖੇਤ ਗਿਆ ਸੀ ਅਤੇ ਸਾਡੀ ਮਾਂ ਸਕੂਲ ਪੜ੍ਹਾਉਣ ਗਈ ਸੀ। ਇਸ ਤੋਂ ਬਾਅਦ ਉਸ ਦੀ 24 ਸਾਲਾ ਭੈਣ 12 ਤੋਲੇ ਸੋਨਾ ਅਤੇ 20 ਹਜ਼ਾਰ ਰੁਪਏ ਨਕਦ ਲੈ ਕੇ ਪਰਮਪ੍ਰੀਤ ਸਿੰਘ ਨਾਲ ਕਿਤੇ ਚਲੀ ਗਈ। ਪਰਮਪ੍ਰੀਤ ਸਿੰਘ ਦਾ ਭਰਾ ਭਵਨਪ੍ਰੀਤ ਸਿੰਘ ਵੀ ਇਸ ਸਾਜ਼ਿਸ਼ ਵਿੱਚ ਸ਼ਾਮਲ ਹੈ। ਉਨ੍ਹਾਂ ਨੇ ਉਸ ਦੀ ਭੈਣ ਨੂੰ ਕਿਸੇ ਥਾਂ ਲੁਕੋ ਕੇ ਰੱਖਿਆ ਹੋਇਆ ਹੈ। ਸੁਰਿੰਦਰ ਸਿੰਘ ਦੀ ਸ਼ਿਕਾਇਤ ’ਤੇ ਪਿੰਡ ਵਾਸੀ ਪਰਮਪ੍ਰੀਤ ਸਿੰਘ ਅਤੇ ਉਸ ਦੇ ਭਰਾ ਭਵਨਪ੍ਰੀਤ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ