ਮੋਗਾ (ਰਾਜੇਸ ਜੈਨ-ਮੋਹਿਤ ਜੈਨ) ਕੋਟਕਪੂਰਾ ਰੋਡ ‘ਤੇ ਪੈਂਦੇ ਸੰਧੂਆਂ ਵਾਲਾ ਮੋੜ ‘ਤੇ ਇਕ ਤੇਜ਼ ਰਫ਼ਤਾਰ ਬਲੈਰੋ ਪਿਕਅੱਪ ਗੱਡੀ ਨੇ ਇਕ ਮੋਟਰਸਾਈਕਲ ਸਵਾਰ ਬਜ਼ੁਰਗ ਨੂੰ ਟੱਕਰ ਮਾਰ ਦਿੱਤੀ। ਇਸ ਘਟਨਾ ‘ਚ ਬਜ਼ੁਰਗ ਦੀ ਮੌਤ ਹੋ ਗਈ। ਬਲੈਰੋ ਚਾਲਕ ਮੌਕੇ ‘ਤੇ ਗੱਡੀ ਛੱਡ ਕੇ ਫ਼ਰਾਰ ਹੋ ਗਿਆ। ਪੁਲਿਸ ਨੇ ਗੱਡੀ ਨੂੰ ਕਬਜ਼ੇ ਵਿਚ ਲੈ ਕੇ ਉਸ ਦੇ ਅਣਪਛਾਤੇ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਥਾਣਾ ਸਿਟੀ ਸਾਊਥ ਦੇ ਸਹਾਇਕ ਥਾਣੇਦਾਰ ਬੂਟਾ ਸਿੰਘ ਨੇ ਦੱਸਿਆ ਕਿ ਰਣਜੋਤ ਸਿੰਘ ਵਾਸੀ ਪਿੰਡ ਰਣਸੀਂਹ ਕਲਾਂ ਵੱਲੋਂ ਪੁਲਿਸ ਨੂੰ ਦਿੱਤੇ ਬਿਆਨ ਵਿਚ ਕਿਹਾ ਕਿ ਉਸ ਦਾ ਪਿਤਾ ਸੁਖਜੀਤ ਸਿੰਘ ਪੁੱਤਰ ਗੁਰਮੇਲ ਸਿੰਘ 60 ਸਾਲ ਜੋ ਕਿ ਸਬਜ਼ੀ ਦਾ ਕੰਮ ਕਰਦਾ ਸੀ ਤੇ ਉਹ ਮੋਟਰਸਾਈਕਲ ‘ਤੇ ਮੋਗਾ ਦੀ ਸਬਜ਼ੀ ਮੰਡੀ ਵਿਚੋਂ ਸਬਜ਼ੀ ਖਰੀਦ ਕੇ ਲਿਆਉਂਦਾ ਸੀ।
ਉਨ੍ਹਾਂ ਕਿਹਾ ਕਿ ਬੁੱਧਵਾਰ 23 ਫਰਵਰੀ ਦੀ ਸਵੇਰੇ ਉਸ ਦਾ ਪਿਤਾ ਮੋਗਾ ਦੀ ਸਬਜ਼ੀ ਮੰਡੀ ਤੋਂ ਸਬਜ਼ੀ ਖਰੀਦ ਕੇ ਆਪਣੇ ਮੋਟਰਸਾਈਕਲ ‘ਤੇ ਪਿੰਡ ਰਣਸੀਂਹ ਕਲਾਂ ਨੂੰ ਜਾ ਰਿਹਾ ਸੀ, ਜਦੋਂ ਉਹ ਮੋਗਾ ਦੇ ਕੋਟਕਪੂਰਾ ਰੋਡ ‘ਤੇ ਪੈਂਦੇ ਸੰਧੂਆਂ ਵਾਲਾ ਮੋੜ ‘ਤੇ ਪੁੱਜਾ ਤਾਂ ਇਸ ਦੌਰਾਨ ਇਕ ਤੇਜ਼ ਰਫ਼ਤਾਰ ਬਲੈਰੋ ਪਿਕਅੱਪ ਗੱਡੀ ਨੇ ਉਸ ਦੇ ਪਿਤਾ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ ਉਸ ਦੇ ਪਿਤਾ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਬਲੈਰੋ ਚਾਲਕ ਗੱਡੀ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਨੇ ਮਿ੍ਤਕ ਸੁਖਜੀਤ ਸਿੰਘ ਦੇ ਲੜਕੇ ਰਣਜੋਤ ਸਿੰਘ ਦੇ ਬਿਆਨਾਂ ‘ਤੇ ਅਣਪਛਾਤੇ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਕੇ ਲਾਸ਼ ਦਾ ਮੋਗਾ ਦੇ ਸਰਕਾਰੀ ਹਸਪਤਾਲ ‘ਚ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਦੇ ਹਵਾਲੇ ਕਰ ਦਿੱਤੀ।
