ਪੁੱਛਗਿੱਛ ਲਈ 2 ਫਰਵਰੀ ਤੱਕ ਪੁਲਿਸ ਰਿਮਾਂਡ
ਜਗਰਾਓਂ, 30 ਜਨਵਰੀ ( ਭਗਵਾਨ ਭੰਗੂ, ਬੌਬੀ ਸਹਿਜਲ )-ਨਜ਼ਦੀਕੀ ਪਿੰਡ ਬਾਰਦੇਕੇ ਵਿਖੇ ਦਿਨ ਦਿਹਾੜੇ ਪਰਮਜੀਤ ਸਿੰਘ ਦੇ ਘਰ ’ਚ ਦਾਖਲ ਹੋ ਕੇ ਉਸਦਾ ਕਤਲ ਕਰਨ ਵਾਲੇ ਤਿੰਨ ਸ਼ਾਰਪ ਸ਼ੂਟਰਾਂ ’ਚੋਂ ਅਭਿਨਵ ਉਰਫ਼ ਅਭੀ ਵਾਸੀ ਤਹਿਸੀਲਪੁਰਾ ਅੰਮ੍ਰਿਤਸਰ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ। ਪੁੱਛਗਿੱਛ ਕਰਨ ’ਤੇ ਉਸ ਕੋਲੋਂ .32 ਬੋਰ ਦਾ ਪਿਸਤੌਲ ਅਤੇ ਚਾਰ ਕਾਰਤੂਸ ਬਰਾਮਦ ਕੀਤੇ ਹਨ। ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਹੋਰ ਸਾਥੀਆਂ ਦੀ ਗ੍ਰਿਫ਼ਤਾਰੀ ਅਤੇ ਕਤਲ ਸਮੇਂ ਉਪਯੋਗ ਕੀਤੇ ਗਏ ਹਥਿਆਰ ਦੀ ਬਰਾਮਦਗੀ ਲਈ 2 ਫਰਵਰੀ ਤੱਕ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ। ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਜਰਨੈਲ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਅਭਿਨਵ ਨੇ ਪੁੱਛਗਿੱਛ ਦੌਰਾਨ ਦੱਸਿਆ ਹੈ ਕਿ ਉਸ ਨੇ ਜਗਰਾਉਂ ਅਖਾੜਾ ਨਹਿਰ ’ਤੇ ਬਣੇ ਰੈਸਟ ਹਾਊਸ ਦਾ ਖੰਡਰ ਬਣੇ ਹੋਏ ਕਮਰਿਆਂ ਅੰਦਰ ਇਕ ਪਿਸਤੌਲ ਛੁਪਾ ਕੇ ਰੱਖਿਆ ਹੋਇਆ ਹੈ। ਇਸ ’ਤੇ ਡੀਐਸਪੀ ਸਤਵਿੰਦਰ ਸਿੰਘ ਵਿਰਕ ਦੀ ਅਗਵਾਈ ਹੇਠ ਪੁਲੀਸ ਪਾਰਟੀ ਵੱਲੋਂ ਅਭਿਨਵ ਨੂੰ ਮੌਕੇ ’ਤੇ ਲਿਜਾਇਆ ਗਿਆ। ਜਿਥੇ ਉਸਨੇ ਮਿੱਟੀ ਪੁੱਟ ਕੇ ਲਿਫ਼ਾਫ਼ੇ ਵਿੱਚ ਲਪੇਟ ਕੇ ਦਬਾਇਆ ਪਿਸਤੌਲ ਬਰਾਮਦ ਕਰਵਾਇਆ। ਜਿਸ ਨੂੰ ਅਨਲੋਡ ਕਰਨ ਤੇ .32 ਬੋਰ ਦਾ ਮੈਗਜੀਨ ਜਿਸ ਵਿਚ ਚਾਰ ਕਾਰਤੂਸ ਸਨ, ਬਰਾਮਦ ਹੋਏ। ਇਸ ਮਾਮਲੇ ਵਿਚ ਰਾਜਾ ਬੰਬ ਵਾਸੀ ਫਿਰੋਜ਼ਪੁਰ ਅਤੇ ਤੇਜਵੀਰ ਸਿੰਘ ਵਾਸੀ ਅੰਮ੍ਰਿਤਸਰ ਦੀ ਗ੍ਰਿਫਤਾਰੀ ਅਤੇ ਉਸ ਕੋਲੋਂ ਕਤਲ ਨੂੰ ਅੰਜਾਮ ਦੇਣ ਸਮੇਂ ਵਰਤਿਆ ਗਿਆ ਹਥਿਆਰ ਬਰਾਮਦ ਕੀਤਾ ਜਾਣਾ ਹੈ।