ਜਗਰਾਉਂ, 30 ਜਨਵਰੀ ( ਰਾਜੇਸ਼ ਜੈਨ, ਲਿਕੇਸ਼ ਸ਼ਰਮਾਂ )-ਰਾਹਗੀਰਾਂ ਨੂੰ ਰਸਤੇ ਵਿਚ ਘੇਰ ਕੇ ਤੇਜਧਾਰ ਹਥਿਆਰ ਦਿਖਾ ਕੇ ਲੁੱਟਣ ਵਾਲੇ ਗਰੋਹ ਦੇ ਇੱਕ ਮੈਂਬਰ ਨੂੰ ਪੁਲੀਸ ਨੇ ਕਾਬੂ ਕਰ ਲਿਆ, ਜਦਕਿ ਬਾਕੀ ਦੋ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ। ਬੱਸ ਅੱਡਾ ਪੁਲੀਸ ਚੌਕੀ ਤੋਂ ਏਐਸਆਈ ਮੇਜਰ ਸਿੰਘ ਨੇ ਦੱਸਿਆ ਕਿ ਉਹ ਪੁਲੀਸ ਪਾਰਟੀ ਸਮੇਤ ਮਲਿਕ ਚੌਕ ਜਗਰਾਉਂ ਵਿਖੇ ਚੈਕਿੰਗ ਦੌਰਾਨ ਮੌਜੂਦ ਸਨ। ਉਥੇ ਸੂਚਨਾ ਮਿਲੀ ਕਿ ਰਮਨਦੀਪ ਸਿੰਘ ਉਰਫ ਲਵੀ, ਮਨਦੀਪ ਸਿੰਘ ਉਰਫ ਘੋਗਾ ਅਤੇ ਬੂਟਾ ਸਿੰਘ ਸਾਰੇ ਵਾਸੀ ਪਿੰਡ ਹਾਂਸ ਕਲਾਂ ਆਪਣੇ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਜਗਰਾਓਂ ਸ਼ਹਿਰ ਦੇ ਆਸ-ਪਾਸ ਪਿੰਡਾਂ ਨੂੰ ਜਾਣ ਵਾਲੀਆਂ ਸੁੰਨਸਾਨ ਸੜਕਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਰਾਹਗੀਰਾਂ ਨੂੰ ਲੁੱਟਣ ਦੇ ਆਦੀ ਹਨ। . ਇਨ੍ਹਾਂ ਖ਼ਿਲਾਫ਼ ਪਹਿਲਾਂ ਵੀ ਕੇਸ ਦਰਜ ਹਨ। ਅੱਜ ਇਹ ਤਿੰਨੋਂ ਫਿਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਜੀ.ਟੀ ਰੋਡ ਅਲੀਗੜ੍ਹ ਦੇ ਰਸਤੇ ਕੋਠੇ ਖੰਜੂਰਾਂ ਰੋਡ ’ਤੇ ਆ ਰਹੇ ਹਨ। ਇਸ ਸਬੰਧੀ ਸੂਚਨਾ ਮਿਲਣ ’ਤੇ ਅਲੀਗੜ੍ਹ ਜੀ.ਟੀ.ਰੋਡ ਦੇ ਨਜਦੀਕ ਪੁਲ ਦੇ ਹੇਠਾਂ ਨਾਕਾਬੰਦੀ ਕਰਕੇ ਇਨ੍ਹਾਂ ਤਿੰਨਾਂ ਨੂੰ ਮੋਟਰਸਾਈਕਲ ’ਤੇ ਆਉਂਦੇ ਸਮੇਂ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਪੁਲਿਸ ਪਾਰਟੀ ਨੂੰ ਦੇਖ ਕੇ ਉਹ ਮੋਟਰਸਾਈਕਲ ਨੂੰ ਪਿੱਛੇ ਵੱਲ ਭਜਾਉਣ ਲੱਗੇ ਤਾਂ ਪੁਲਿਸ ਪਾਰਟੀ ਨੇ ਇਨ੍ਹਾਂ ਦਾ ਪਿੱਛਾ ਕੀਤਾ ਤਾਂ ਰਮਨਦੀਪ ਸਿੰਘ ਉਰਫ ਲਵੀ ਨੂੰ ਪੁਲਿਸ ਨੇ ਕਾਬੂ ਕਰ ਲਿਆ। ਜਦਕਿ ਉਸਦੇ ਦੋ ਸਾਥੀ ਮਨਦੀਪ ਸਿੰਘ ਅਤੇ ਬੂਟਾ ਸਿੰਘ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਏ। ਫੜੇ ਗਏ ਰਮਨਦੀਪ ਸਿੰਘ ਪਾਸੋਂ ਲੋਕਾਂ ਕੋਲੋਂ ਖੋਹੇ ਹੋਏ ਮੋਬਾਈਲ ਫੋਨ, ਸਿਮ ਕਾਰਡ ਅਤੇ ਹੋਰ ਦਸਤਾਵੇਜ਼ ਬਰਾਮਦ ਕੀਤੇ ਹਨ।