ਸੁਧਾਰ, 23 ਮਾਰਚ ( ਜਸਵੀਰ ਹੇਰਾਂ )-ਥਾਣਾ ਸਦਰ ਦੀ ਪੁਲਿਸ ਪਾਰਟੀ ਨੇ ਖਿਡੌਣਾ ਪਿਸਤੌਲ ਦੇ ਜ਼ੋਰ ’ਤੇ ਨਸ਼ੀਲੀਆਂ ਪਾਬੰਦੀਸ਼ੁਦਾ ਗੋਲੀਆਂ ਵੇਚਣ ਦੇ ਦੋਸ਼ ’ਚ 2 ਵਿਅਕਤੀਆਂ ਨੂੰ ਗਿ੍ਰਫ਼ਤਾਰ ਕਰਕੇ ਉਨ੍ਹਾਂ ਪਾਸੋਂ 250 ਨਸ਼ੀਲੀਆਂ ਪਾਬੰਦੀਸ਼ੁਦਾ ਗੋਲੀਆਂ. ਚਾਇਨਾ ਮੇਡ ਇਕ ਖਿਡੌਣਾ ਪਿਸਤੌਲ, ਪੁਆਇੰਟ 32 ਬੋਰ ਦੇ ਪਿਸਤੌਲ ਦੇ ਦੋ ਜਿੰਦਾ ਕਾਰਤੂਸ, 3 ਖੋਲ ਬਰਾਮਦ ਅਤੇ ਆਲਟੋ ਕਾਰ ਬਰਾਮਦ ਕੀਤੀ ਗਈ। ਏ.ਐਸ.ਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਚੈਕਿੰਗ ਦੌਰਾਨ ਘੁਮਾਣ ਚੌਂਕ ਸੁਧਾਰ ਵਿਖੇ ਮੌਜੂਦ ਸਨ। ਉਥੇ ਹੀ ਇਤਲਾਹ ਮਿਲੀ ਸੀ ਕਿ ਰਮੇਸ਼ ਕੁਮਾਰ ਵਾਸੀ ਹਰਗੋਵਿੰਦ ਨਗਰ ਘੁਮਾਣ ਚੌਕ ਸੁਧਾਰ ਅਤੇ ਦੀਪਕ ਕੁਮਾਰ ਵਾਸੀ ਬਰਨਾਲਾ ਨਾਜਾਇਜ਼ ਹਥਿਆਰਾਂ ਦੇ ਬਲ ’ਤੇ ਪਾਬੰਦੀਸ਼ੁਦਾ ਦਵਾਈਆਂ ਵੇਚਣ ਦਾ ਧੰਦਾ ਕਰਦੇ ਹਨ। ਜੋ ਕਿ ਬਰਨਾਲਾ ਸਾਈਡ ਤੋਂ ਆਪਣੀ ਆਲਟੋ ਕਾਰ ਵਿੱਚ ਗੁਰੂਸਰ ਸੁਧਾਰ ਵੱਲ ਨੂੰ ਆਪਣੇ ਗਾਹਕਾਂ ਨੂੰ ਪਾਬੰਦੀਸ਼ੁਦਾ ਗੋਲੀਆਂ ਸਪਲਾਈ ਕਰਨ ਲਈ ਆ ਰਹੇ ਹਨ। ਇਸ ਸੂਚਨਾ ’ਤੇ ਡਰੇਨ ਪੁਲੀ ਹਲਵਾਰਾ ਵਿਖੇ ਨਾਕਾਬੰਦੀ ਕਰਕੇ ਇੱਕ ਆਲਟੋ ਕਾਰ ’ਚ ਆ ਰਹੇ ਰਮੇਸ਼ ਕੁਮਾਰ ਅਤੇ ਦੀਪਕ ਕੁਮਾਰ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਪਾਬੰਦੀਸ਼ੁਦਾ ਗੋਲੀਆਂ, ਚਾਈਨਾ ਮਾਰਕਾ ਦਾ ਨਕਲੀ ਪਿਸਤੌਲ ਅਤੇ 2 ਜਿੰਦਾ ਕਾਰਤੂਸ .32 ਬੋਰ ਅਤੇ 3 ਖਾਲੀ ਕਾਰਤੂਸ ਬਰਾਮਦ ਕੀਤੇ ਗਏ। ਇਨ੍ਹਾਂ ਖ਼ਿਲਾਫ਼ ਥਾਣਾ ਸੁਧਾਰ ਵਿੱਚ ਐਨਡੀਪੀਐਸ ਐਕਟ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ।