ਜਗਰਾਉਂ, 15 ਅਪ੍ਰੈਲ ( ਬੋਬੀ ਸਹਿਜਲ )-ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਵਿੱਚ ਤਾਇਨਾਤ ਸਿਪਾਹੀ ਦੇ ਪਤੀ ਨੂੰ ਸੀਆਈਏ ਸਟਾਫ਼ ਦੀ ਪੁਲਿਸ ਪਾਰਟੀ ਨੇ ਇੱਕ ਥਾਰ ਗੱਡੀ ਵਿੱਚ 100 ਗ੍ਰਾਮ ਅਫੀਮ ਸਮੇਤ ਕਾਬੂ ਕੀਤਾ ਹੈ। ਉਸ ਖ਼ਿਲਾਫ਼ ਥਾਣਾ ਸਿਟੀ ਜਗਰਾਉਂ ਵਿੱਚ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ। ਉਸਨੂੰ ਅਦਾਲਤ ’ਚ ਪੇਸ਼ ਕਰਕੇ ਪੁੱਛਗਿੱਛ ਲਈ ਇਕ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ। ਸਬ ਇੰਸਪੈਕਟਰ ਅੰਗਰੇਜ ਸਿੰਘ ਨੇ ਦੱਸਿਆ ਕਿ ਏ.ਐਸ.ਆਈ ਬਲਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਤਹਿਸੀਲ ਚੌਂਕ ਵਿਖੇ ਚੈਕਿੰਗ ਲਈ ਮੌਜੂਦ ਸਨ। ਉਥੇ ਇਤਲਾਹ ਮਿਲੀ ਕਿ ਹਰਮੀਤ ਸਿੰਘ ਉਰਫ ਹੈਪੀ ਵਾਸੀ ਝਾਂਸੀ ਰਾਣੀ ਚੌਕ ਜਗਰਾਉਂ ਬਾਹਰਲੇ ਸੂਬਿਆਂ ਤੋਂ ਅਫੀਮ ਲਿਆ ਕੇ ਵੇਚਣ ਦਾ ਧੰਦਾ ਕਰਦਾ ਹੈ। ਜਿਹੜਾ ਅੱਜ ਗਰੇਵਾਲ ਮਾਰਕੀਟ ਵਿੱਚ ਅਫੀਮ ਲੈ ਕੇ ਬੈਠਾ ਹੈ। ਇਸ ਸੂਚਨਾ ’ਤੇ ਪੁਲੀਸ ਪਾਰਟੀ ਵੱਲੋਂ ਛਾਪਾ ਮਾਰ ਕੇ ਹਰਮੀਤ ਸਿੰਘ ਨੂੰ ਕਾਬੂ ਕਰ ਲਿਆ ਗਿਆ। ਉਸ ਕੋਲੋਂ ਅਫੀਮ ਸਬੰਧੀ ਪੁੱਛਗਿੱਛ ਕਰਨ ’ਤੇ ਉਸਨੇ ਗਰੇਵਾਲ ਮਾਰਕੀਟ ਵਿਚ ਖੜ੍ਹੀ ਥਾਰ ਗੱਡੀ ’ਚੋਂ 100 ਗ੍ਰਾਮ ਅਫੀਮ ਬਰਾਮਦ ਕਰਵਾਈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਪੁਲਿਸ ਰਿਮਾਂਡ ਦੌਰਾਨ ਇਸ ਪਾਸੋਂ ਪੁੱਛ ਗਿੱਛ ਕੀਤੀ ਜਾਵੇਗੀ ਕਿ ਇਹ ਕਦੋਂ ਤੋਂ ਇਸ ਧੰਦੇ ਵਿਚ ਲੱਗਾ ਹੋਇਆ ਹੈ ਅਤੇ ਕਿਥੋਂ ਕਿਸ ਪਾਸੋਂ ਅਫੀਮ ਲੈ ਕੇ ਆਉਂਦਾ ਹੈ ਅਤੇ ਅੱਗੇ ਕਿਸ-ਕਿਸ ਨੂੰ ਅਫੀਮ ਸਪਲਾਈ ਕਰਦਾ ਰਿਹਾ ਹੈ। ਇਸਦੇ ਨਾਲ ਇਸ ਧੰਦੇ ਵਿਚ ਹੋਰ ਕੌਨ ਲੋਕ ਸ਼ਾਮਲ ਹਨ।