ਜਗਰਾਉਂ, 20 ਅਗਸਤ ( ਭਗਵਾਨ ਭੰਗੂ, ਜਗਰੂਪ ਸੋਹੀ )-ਪੰਜਾਬ ਦੀਆਂ ਵੱਡੀਆਂ ਟਰੱਕ ਯੂਨੀਅਨਾਂ ’ਚ ਸ਼ੁਮਾਰ ਜਗਰਾਓਂ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਪੁਰਾਣੀ ਕਮੇਟੀ ਮੈਂਬਰ ਅਤੇ ਮੌਜੂਦਾ ਪ੍ਰਧਾਨ ਦਾ ਧੜ੍ਹਾ ਦਾ ਆਹਮੋ ਸਾਹਮਣੇ ਹਨ। ਭਾਵੇਂ ਇਹ ਮਾਮਲਾ ਕਈ ਦਿਨਾਂ ਤੋਂ ਪੁਲਿਸ ਦੇ ਹੱਥਾਂ ਵਿਚ ਚਲਾ ਗਿਆ ਹੈ ਪਰ ਕਈ ਮੀਟਿੰਗਾਂ ਦੋਵਾਂ ਧਿਰਾਂ ਨਾਲ ਹੋਣ ਤੇ ਵੀ ਇਹ ਮਾਮਲਾ ਸੁਲਝ ਨਹੀਂ ਰਿਹਾ। ਪੁਰਾਣੀ ਕਮੇਟੀ ਨੂੰ ਸੱਤਾਧਾਰੀ ਧਿਰ ਵਲੋਂ ਬਣਾਇਆ ਗਿਆ ਪ੍ਰਧਾਨ ਪ੍ਰਵਾਨ ਨਹੀਂ ਹੈ ਅਤੇ ਨਵਾਂ ਪ੍ਰਧਾਨ ਅਤੇ ਉਸਦੀ ਟੀਮ ਇਹ ਦੋਸ਼ ਲਗਾ ਰਹੇ ਹਨ ਕਿ ਪੁਰਾਣੀ ਕਮੇਟੀ ਮੈਂਬਰ ਚੌਧਰ ਛੱਡਣੀ ਨਹੀਂ ਚਾਹੁੰਦੇ। ਜਿਕਰਯੋਗ ਹੈ ਕਿ ਹਾਕਮ ਧਿਰ ਦੀ ਹਮਾਇਤ ਨਾਲ ਦਵਿੰਦਰ ਸਿੰਘ ਰਾਜਨ ਗਿੱਲ ਨੂੰ ਪ੍ਰਧਾਨ ਐਲਾਨੇ ਜਾਣ ਤੋਂ ਬਾਅਦ ਬਹੁਗਿਣਤੀ ਟਰੱਕ ਆਪਰੇਟਰ ਉਸਦੇ ਵਿਰੋਧ ਵਿਚ ਆ ਖੜ੍ਹੇ ਹੋਏ ਅਤੇ ਉਸਨੂੰ ਪ੍ਰਧਾਨਗੀ ਤੋਂ ਲਾਹ ਕੇ ਮੁੜ ਤੋਂ ਪਹਿਲਾਂ ਵਾਂਗ ਕਮੇਟੀ ਬਣਾ ਕੇ ਉਸਦੇ ਹਿਸਾਬ ਨਾਲ ਟਰੱਕ ਯੂਨੀਅਨ ਦਾ ਕੰਮ ਚਲਾਉਣ ਦੀ ਮੰਗ ਕਰ ਰਹੇ ਹਨ। ਜਦੋਂ ਕਿ ਨਵੇਂ ਚੁਣੇ ਗਏ ਪ੍ਰਧਾਨ ਦਾ ਧੜ੍ਹਾ ਆਪਣੇ ਪਾਸ ਬਹੁਮਤ ਹੋਣ ਦਾ ਦਾਅਵਾ ਕਰ ਰਿਹਾ ਹੈ ਅਤੇ ਕਹਿ ਰਿਹਾ ਹੈ ਕਿ ਪੁਰਾਣੀ ਕਮੇਟੀ ਮੈਂਬਰਾਂ ਨੂੰ ਨਵੇਂ ਬੰਦਿਆਂ ਲਈ ਹੁਣ ਥਾਂ ਖਾਲੀ ਕਰ ਦੇਣੀ ਚਾਹੀਦੀ ਹੈ। ਮੌਜੂਦਾ ਪ੍ਰਧਾਨ ਦਵਿੰਦਰ ਸਿੰਘ ਰਾਜਨ ਗਿੱਲ ਨੇ ਡੇਲੀ ਜਗਰਾਓਂ ਨਿਊਜ਼ ਦੀ ਟੀਮ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਟਰੱਕ ਯੂਨੀਅਨ ਦੇ ਬਹੁਗਿਣਤੀ ਮੈਂਬਰਾਂ ਵਲੋਂ ਪ੍ਰਧਾਨ ਚੁਣਿਆ ਗਿਆ ਹੈ। ਜੇਕਰ ਪੁਰਾਣੀ ਕਮੇਟੀ ਮੈਂਬਰ ਇਹ ਮੰਗ ਕਰ ਰਹੇ ਹਨ ਕਿ ਚੋਣ ਕਰਵਾਈ ਜਾਵੇ ਤਾਂ ਉਹ ਪਹਿਲਾਂ ਇਹ ਦੱਸਣ ਕਿ ਉਹ ਕਿਹੜੀ ਚੋਣ ਰਾਹੀਂ ਚੁਣੇ ਗਏ ਸਨ। ਉਨ੍ਹਾਂ ਨੂੰ ਵੀ ਤਾਂ ਕਾਂਗਰਸ ਦੀ ਸਰਕਾਰ ਸਮੇਂ ਜਬਰਦਸਤੀ ਥੋਪਿਆ ਗਿਆ ਸੀ। ਫਿਰ ਮੇਰੇ ਨਾਲ ਤਾਂ ਯੂਨੀਅਨ ਮੈਂਬਰਾਂ ਦੀ ਬਹੁਮਤ ਮੌਜੂਦ ਹੈ। ਇਸ ਲਈ ਜੇਕਰ ਉਹ ਚਾਹੁੰਦੇ ਹਨ ਤਾਂ ਉਨ੍ਹਾਂ ਵਿਚੋਂ ਮੈਂਬਰ ਕਮੇਟੀ ਵਿਚ ਸ਼ਾਮਲ ਕੀਤੇ ਜਾ ਸਕਦੇ ਹਨ। ਮੌਜੂਦਾ ਸਥਿਤੀ ਅਨੁਸਾਰ ਟਰੱਕ ਯੂਨੀਅਨ ਦੇ ਹਾਲਾਤ ਤਣਾਅ ਵਾਲੀ ਬਣਦੀ ਦੇਖ ਡੀਐੱਸਪੀ ਸਤਵਿੰਦਰ ਸਿੰਘ ਵਿਰਕ ਨੇ ਮਾਮਲਾ ਸੁਲਝਾਉਣ ਲਈ ਦੋਵੇਂ ਧਿਰਾਂ ਨੂੰ ਆਪਣੇ ਦਫ਼ਤਰ ਬੁਲਾ ਕੇ ਮੀਟਿੰਗ ਕਰ ਰਹੇ ਹਨ। ਪਹਿਲਾਂ ਟਰੱਕ ਯੂਨੀਅਨ ਦਾ ਕੰਮਕਾਜ ਚਲਾਉਂਦੀ ਕਮੇਟੀ ਕਹਿ ਰਹੀ ਹੈ ਕਿ ਯੂਨੀਅਨ ਦੇ 450 ਤੋਂ ਵਧੇਰੇ ਟਰੱਕ ਆਪਰੇਟਰ ਉਨ੍ਹਾਂ ਦੇ ਨਾਲ ਹਨ। ਬਹੁਗਿਣਤੀ ਆਪਰੇਟਰ ਯੂਨੀਅਨ ਦਾ ਪ੍ਰਧਾਨ ਨਹੀਂ ਚਾਹੁੰਦੇ। ਦੂਜੇ ਪਾਸੇ ਮੌਜੂਦਾ ਪ੍ਰਧਾਨ ਆਪਣੇ ਨਾਲ ਬਹੁਗਿਣਤੀ ਵਿਚ ਟਰੱਕ ਆਪ੍ਰੇਟਰ ਹੋਣ ਦਾ ਦਾਅਵਾ ਕਰ ਰਹੇ ਹਨ।