ਜਗਰਾਉਂ, 4 ਅਕਤੂਬਰ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )-ਬੁੱਧਵਾਰ ਤੜਕੇ ਕਰੀਬ 3 ਵਜੇ ਕੱਚਾ ਮਲਕ ਰੋਡ ਦੇ ਨਜ਼ਦੀਕ ਜੀ.ਟੀ.ਰੋਡ ’ਤੇ ਸਥਿਤ ਸ਼ਰਾਬ ਦੇ ਠੇਕੇ ਦਾ ਸ਼ਟਰ ਤੋੜ ਕੇ ਅਣਪਛਾਤੇ ਵਿਅਕਤੀ ਨੇ ਤਿੰਨ ਪੇਟੀਆਂ 100 ਪਾਈਪਰ ਅਤੇ ਸੱਤ ਪੇਟੀਆਂ ਬਲੈਂਡਰ ਪ੍ਰਾਈਡ ਦੀਆਂ ਚੋਰੀ ਕਰਕੇ ਲੈ ਗਏ। ਚੋਰ ਸਵਿਫਟ ਗੱਡੀ ਵਿਚ ਆਏ ਸਨ, ਜੋ ਕਿ ਸੀਸੀਟੀਵੀ ਕੈਮਰੇ ਦੀ ਫੁਟੇਜ ਵਿਚ ਨਜਰ ਵੀ ਆ ਰਹੀ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਸ਼ਰਾਬ ਦੇ ਠੇਕੇਦਾਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਚੋਰ ਇੱਕ ਸਵਿਫਟ ਕਾਰ ਵਿੱਚ ਆਏ ਸਨ ਅਤੇ ਸ਼ਰਾਬ ਦੇ ਠੇਕੇ ਦਾ ਬਾਹਰੀ ਸ਼ਟਰ ਤੋੜ ਕੇ ਅੰਦਰ ਪਈ ਮਹਿੰਗੀ ਸ਼ਰਾਬ ਦੀਆਂ 10 ਪੇਟੀਆਂ ਚੁੱਕ ਕੇ ਆਪਣੀ ਕਾਰ ਵਿੱਚ ਰੱਖ ਕੇ ਲੈ ਗਏ। ਉਸ ਸਮੇਂ ਉਸ ਦੇ ਦੋ ਮੁਲਾਜ਼ਮ ਵੀ ਠੇਕੇ ਦੇ ਪਿੱਛੇ ਬਣੇ ਕਮਰੇ ਵਿੱਚ ਸੌਂ ਰਹੇ ਸਨ। ਥਾਣਾ ਸਿਟੀ ਦੇ ਇੰਚਾਰਜ ਇੰਸਪੈਕਟਰ ਦਲਜੀਤ ਸਿੰਘ ਨੇ ਦੱਸਿਆ ਕਿ ਚੋਰੀ ਦੀ ਵਾਰਦਾਤ ਸਬੰਧੀ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਮਾਮਲਾ ਸ਼ੱਕ ਦੇ ਘੇਰੇ ਵਿੱਚ ਹੈ ਕਿਉਂਕਿ ਜਦੋਂ ਚੋਰੀ ਦੀ ਵਾਰਦਾਤ ਹੋਈ ਤਾਂ ਠੇਕੇਦਾਰ ਦੇ ਦੋ ਨੌਕਰ ਵੀ ਠੇਕੇ ਦੇ ਅੰਦਰ ਮੌਜੂਦ ਸਨ।