ਲੁਧਿਆਣਾ (ਰਾਜੇਸ ਜੈਨ-ਲਿਕੇਸ ਸ਼ਰਮਾ ) ਖੁਦ ਨੂੰ ਟਰੈਵਲ ਏਜੰਟ ਦੱਸਣ ਵਾਲੇ ਤਿੰਨ ਵਿਅਕਤੀਆਂ ਨੇ ਜਲੰਧਰ ਦੇ ਰਹਿਣ ਵਾਲੇ ਇੱਕ ਨੌਜਵਾਨ ਨਾਲ ਲੱਖਾਂ ਰੁਪਏ ਦੀ ਧੋਖਾ ਧੜੀ ਕੀਤੀ l ਮੁਲਜਮਾਂ ਨੇ ਨੌਜਵਾਨ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਉਸਦੇ ਪਿਤਾ ਕੋਲੋਂ 4 ਲੱਖ 87 ਹਜਾਰ ਰੁਪਏ ਹਾਸਿਲ ਕਰ ਲਏ l ਇਸ ਮਾਮਲੇ ਸਬੰਧੀ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਦਿੰਦਿਆਂ ਜਲੰਧਰ ਦੇ ਪਿੰਡ ਲੰਮਾ ਦੇ ਰਹਿਣ ਵਾਲੇ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਨਾਂ ਦੇ ਬੇਟੇ ਹਰਜੀਤ ਸਿੰਘ ਨੇ ਕੁਝ ਸਮਾਂ ਪਹਿਲੋਂ ਕੈਨੇਡਾ ਜਾਣਾ ਸੀl ਬੇਟੇ ਨੂੰ ਵਿਦੇਸ਼ ਭੇਜਣ ਲਈ ਹਰਵਿੰਦਰ ਸਿੰਘ ਨੇ ਲੁਧਿਆਣਾ ਦੇ ਚੀਮਾ ਚੌਂਕ ਇਲਾਕੇ ਦੇ ਕੋਲ ਤਿੰਨਾਂ ਟਰੈਵਲ ਏਜੰਟਾਂ ਨਾਲ ਸੰਪਰਕ ਕੀਤਾ l
ਮੁਲਜਮਾਂ ਨੇ ਹਰਜੀਤ ਸਿੰਘ ਨੂੰ ਬੜੀ ਆਸਾਨੀ ਨਾਲ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉਨ੍ਹਾਂ ਕੋਲੋਂ ਵੱਖ-ਵੱਖ ਕਿਸਤਾਂ ਵਿੱਚ 4 ਲੱਖ 87 ਹਜਾਰ ਰੁਪਏ ਹਾਸਿਲ ਕਰ ਲਏ l ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਮੁਲਜਮਾਂ ਨੇ ਨਾ ਤਾਂ ਲੜਕੇ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਰਕਮ ਵਾਪਸ ਕੀਤੀ l ਇਸ ਮਾਮਲੇ ਸਬੰਧੀ9 ਅਕਤੂਬਰ ਨੂੰ ਹਰਵਿੰਦਰ ਸਿੰਘ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ l ਇੱਕ ਮਹੀਨੇ ਤੋਂ ਵੱਧ ਦੀ ਪੜਤਾਲ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 2 ਦੀ ਪੁਲਿਸ ਨੇ ਖੁਦ ਨੂੰ ਟਰੈਵਲ ਏਜੰਟ ਦੱਸਣ ਵਾਲੇ ਨੀਲਾ ਮਹਿਲ ਜਲੰਧਰ ਦੇ ਵਾਸੀ ਕੁਨਾਲ ਗਿੱਲ, ਬਾਬਾ ਬੁੱਢਾ ਜੀ ਐਵਨਿਊ ਅੰਮ੍ਰਿਤਸਰ ਦੇ ਰਹਿਣ ਵਾਲੇ ਪੰਕਜ ਖੋਖਰ ਅਤੇ ਪਿੰਡ ਬੱਸੀਆ ਲੁਧਿਆਣਾ ਦੇ ਵਾਸੀ ਹਰਦੀਪ ਸਿੰਘ ਗਿੱਲ ਦੇ ਖਿਲਾਫ ਮੁਕਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ l