- ਰੋਸ ਵਜੋਂ, ਪੀ.ਐਸ.ਐਮ.ਐਸ.ਯੂ. ਵਲੋਂ ਜਾਰੀ ਹੜਤਾਲ ‘ਚ 28 ਨਵੰਬਰ ਤੱਕ ਵਧਾਈ
ਲੁਧਿਆਣਾ, 20 ਨਵੰਬਰ ( ਲਿਕੇਸ਼ ਸ਼ਰਮਾਂ, ਰੋਹਿਤ ਗੋਇਲ ) – ਪੰਜਾਬ ਸਰਕਾਰ ਦੇ ਅੜੀਅਨ ਵਤੀਰੇ ਸਦਕਾ, ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ (ਪੀ.ਐਸ.ਐਮ.ਯੂ.) ਵੱਲੋਂ ਜਾਰੀ ਹੜਤਾਲ ਵਿੱਚ 28 ਨਵੰਬਰ ਤੱਕ ਵਾਧਾ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਪੀ.ਐਸ.ਐਮ.ਐਸ.ਯੂ. ਦੇ ਸਮੂਹ ਦਫਤਰੀ ਕਾਮਿਆਂ ਵੱਲੋ ਜਾਰੀ ਹੜਤਾਲ ਅੱਜ 13 ਵੇਂ ਦਿਨ ਵਿੱਚ ਸ਼ਾਮਲ ਹੋ ਗਈ ਹੈ ਜਿਸਦੇ ਤਹਿਤ ਜ਼ਿਲ੍ਹਾ ਖ਼ਜਾਨਾ ਦਫਤਰ ਲੁਧਿਆਣਾ ਵਿਖੇ ਧਰਨਾ ਦਿੱਤਾ ਗਿਆ। ਇਸ ਧਰਨੇ ਵਿੱਚ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਤ 56 ਮਹਿਕਮਿਆਂ ਨਾਲ ਸਬੰਧਤ ਸੈਂਕੜੇ ਮੁਲਾਜ਼ਮ ਸ਼ਾਮਿਲ ਸਨ। ਇਸ ਧਰਨੇ ਦੌਰਾਨ ਦਫਤਰੀ ਕਾਮਿਆਂ ਦੇ ਵਿਸ਼ਾਲ ਇਕੱਠ ਨੇ ਰੈਲੀ ਦਾ ਰੂਪ ਧਾਰਣ ਕਰ ਲਿਆ ਅਤੇ ਇਸ ਇਕਠ ਵੱਲੋਂ ਜਿਲ੍ਹਾ ਖ਼ਜਾਨਾ ਦਫਤਰ ਲੁਧਿਆਣਾ ਤੋਂ ਲੈ ਕੇ ਦਫਤਰ ਡਿਪਟੀ ਕਮਿਸ਼ਨਰ ਲੁਧਿਆਣਾ ਤੱਕ ਰੋਸ਼ ਮਾਰਚ ਕਰਦੇ ਹੋਏ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ. ਉਪਰੰਤ ਦਫਤਰ ਡਿਪਟੀ ਕਮਿਸ਼ਨਰ ਲੁਧਿਆਣਾ ਵਿਖੇ ਵੀ ਧਰਨਾ ਦਿੱਤਾ ਗਿਆ।
ਜੱਥੇਬੰਦੀ ਦੇ ਆਗ{ਆ ਅਮਿਤ ਅਰੋੜਾ, ਸੰਜੀਵ ਭਾਰਗਵ, ਏ.ਪੀ. ਮੌਰਿਆ ਅਤੇ ਸੁਨੀਲ ਕੁਮਾਰ ਵੱਲੋਂ ਪ੍ਰੈਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੀ ਕੈਬਨਿਟ ਕਮੇਟੀ ਵਿੱਚ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ ਹੈ ਅਤੇ ਮੁਲਾਜ਼ਮ ਜੱਥੇਬੰਦੀ ਨੂੰ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੀ.ਐਸ.ਐਮ.ਯੂ. ਵੱਲੋਂ ਜਾਰੀ ਹੜਤਾਲ ਵਿੱਚ 28 ਨਵੰਬਰ ਤੱਕ ਵਾਧਾ ਕੀਤਾ ਗਿਆ ਹੈ।
ਇਸ ਮੌਕੇ ਮੁਲਾਜਮਾਂ ਦਾ ਸਮਰਥਨ ਕਰਦਿਆਂ ਪੈਨਸ਼ਨਰ ਐਸੋਸੀਏਸ਼ਨ ਵੱਲੋਂ ਕਿਹਾ ਗਿਆ ਕਿ ਜੇਕਰ ਸਰਕਾਰ ਮੁਲਾਜਮਾਂ ਦੀਆਂ ਮੰਗਾ ਦਾ ਹਲ ਸਮੇਂ ਸਿਰ ਨਹੀਂ ਕਰਦੀ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਆਮ ਜਨਤਾ ਨੂੰ ਸਰਕਾਰ ਦੇ ਝੂਠੇ ਲਾਰਿਆ ਪ੍ਰਤੀ ਜਾਗਰੂਕ ਕੀਤਾ ਜਾਵੇਗਾ।
ਇਕੱਠ ਨੂੰ ਸੰਬੋਧਨ ਕਰਦਿਆਂ ਸੰਦੀਪ ਭਾਂਬਕ ਜਿਲ੍ਹਾ ਪ੍ਰਧਾਨ ਸੀ.ਪੀ.ਐਫ. ਯੂਨੀਅਨ, ਲਖਵੀਰ ਸਿੰਘ ਗਰੇਵਾਲ ਅਤੇ ਗੁਰਬਾਜ਼ ਸਿੰਘ ਮੱਲੀ ਵੱਲੋਂ ਕਿਹਾ ਗਿਆ ਕਿ ਸਰਕਾਰ ਨੂੰ ਸਾਲ 2022 ਵਿੱਚ ਪੁਰਾਣੀ ਪੈਨਸ਼ਨ ਬਹਾਲੀ ਸਬੰਧੀ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਨੂੰ ਅੱਜ ਦੀ ਕੈਬਨਿਟ ਮੀਟਿੰਗ ਵਿੱਚ ਮੁਕੰਮਲ ਤੌਰ ਤੇ ਲਾਗੂ ਕਰਨਾ ਚਾਹੀਦਾ ਸੀ ਜੋਕਿ ਉਨ੍ਹਾਂ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਹੁਣ ਮੁਲਾਜ਼ਮ ਜੱਥੇਬੰਦੀ ਵਲੋਂ 09 ਦਸੰਬਰ, 2023 ਨੂੰ ਵਾਈ.ਪੀ.ਐਸ. ਚੌਕ ਮੋਹਾਲੀ ਵਿਖੇ ਸੀ.ਪੀ.ਐਫ. ਕਰਮਚਾਰੀ ਯੂਨੀਅਨ, ਪੰਜਾਬ ਵੱਲੋਂ ਨਿਰਧਾਰਤ ‘ਕਰੋ ਜਾਂ ਮਰੋ’ ਸੂਬਾ ਪੱਧਰੀ ਰੈਲੀ ਵਿੱਚ ਭਰਵਾਂ ਇਕੱਠ ਕਰਦੇ ਹੋਏ ਸਰਕਾਰ ਵਿਰੁੱਧ ਰੋਸ ਮੁਜਾਹਰਾ ਕੀਤਾ ਜਾਵੇਗਾ।
ਇਸ ਦੌਰਾਨ ਮੁੱਖ ਬੁਲਾਰੇ ਤਜਿੰਦਰ ਸਿੰਘ ਢਿੱਲੋਂ, ਜਗਦੇਵ ਸਿੰਘ, ਪੈਨਸ਼ਨਰ ਐਸੋਸੀਏਸ਼ਨ ਦੇ ਚੇਅਰਮੈਨ ਸ੍ਰੀ ਦਲੀਪ ਸਿੰਘ, ਹਰਬੰਤ ਸਿੰਘ ਮਾਂਗਟ, ਸੁਸ਼ੀਲ ਕੁਮਾਰ, ਨਿਰਮਲ ਸਿੰਘ ਲਲਤੋਂ, ਵਰਿੰਦਰ ਕੁਮਾਰ, ਅਕਾਸ਼ਦੀਪ, ਰਵੀ ਕੁਮਾਰ, ਨਵਦੀਪ ਸਿੰਘ, ਗੁਰਪ੍ਰੀਤ ਸਿੰਘ, ਹਰਜੀਤ ਸਿੰਘ ਗਰੇਵਾਲ, ਡਾ. ਮਹਿੰਦਰ ਸਿੰਘ ਸ਼ਾਰਧਾ ਅਤੇ ਹੋਰ ਬਹੁਤ ਸਾਰੇ ਵਿਭਾਗਾਂ ਦੇ ਆਗੂਆਂ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ।