ਸਰੀ, 2 ਮਾਰਚ (ਪਵਨੀਤ) ਬੀ.ਸੀ. ਦੇ ਸ਼ਹਿਰ ਕਲੋਨਾ ਵਿਚ ਇਕ 24 ਸਾਲਾ ਪੰਜਾਬਣ ਕੁੜੀ ਦੇ ਮਾਰੇ ਜਾਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ ਜਿਸ ਕਾਰਨ ਪੰਜਾਬੀ ਭਾਈਚਾਰੇ ਸੋਗ ਪਾਇਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 24 ਸਾਲਾ ਹਰਮਨਦੀਪ ਕੌਰ ਯੂਬੀਸੀ ਓਕਾਨਾਗਨ ਦੇ ਬਾਹਰ ਇੱਕ ਸੁਰੱਖਿਆ ਗਾਰਡ ਵਜੋਂ ਰਾਤ ਦੀ ਸ਼ਿਫਟ ਸਮੇਂ ਡਿਊਟੀ ਦੇ ਰਹੀ ਸੀ ਜਦੋਂ ਉਸ ਉਪਰ ਘਾਤਕ ਹਮਲਾ ਕੀਤਾ ਗਿਆ ਸੀ।
ਓਕਾਨਾਗਨ ਸਿੱਖ ਟੈਂਪਲ ਦੇ ਉਪ-ਪ੍ਰਧਾਨ ਪਰਮਜੀਤ ਸਿੰਘ ਪਤਾਰਾ ਨੇ ਦੱਸਿਆ ਕਿ 24 ਸਾਲਾ ਹਰਮਨਦੀਪ ਕੌਰ ਯੂਬੀਸੀ ਓਕਾਨਾਗਨ ਦੇ ਬਾਹਰ ਸ਼ਨੀਵਾਰ ਨੂੰ ਹੋਏ ਹਮਲੇ ਦਾ ਸ਼ਿਕਾਰ ਹੋਈ ਸੀ। ਪਾਤਰਾ ਨੇ ਕਿਹਾ ਕਿ ਉਸ ਨੂੰ ਪਤਾ ਲੱਗਾ ਹੈ ਕਿ ਉਹ ਓਕਾਨਾਗਨ ਕਾਲਜ ਦੀ ਵਿਦਿਆਰਥਣ ਸੀ ਅਤੇ ਹਾਲ ਹੀ ਵਿੱਚ ਉਸ ਨੂੰ ਆਪਣਾ ਪੀ.ਆਰ. ਕਾਰਡ ਮਿਲਿਆ ਸੀ। ਪਾਤਰਾ ਨੇ ਕਿਹਾ ਕਿ ਉਸ ਦੇ ਮਾਤਾ-ਪਿਤਾ ਭਾਰਤ ਵਿੱਚ ਹਨ । ਉਨ੍ਹਾਂ ਨੂੰ ਸੂਚਿਤ ਕੀਤਾ ਗਿਆ ਹੈ ਅਤੇ ਉਹ ਇੱਥੇ ਆ ਰਹੇ ਹਨ।ਇਸੇ ਦੌਰਾਨ ਆਰਸੀਐਮਪੀ ਨੇ ਕਿਹਾ ਕਿ ਹਰਮਨਦੀਪ ਕੌਰ ਯੂਬੀਸੀ ਓਕਾਨਾਗਨ ਵਿਖੇ ਸੁਰੱਖਿਆ ਗਾਰਡ ਵਜੋਂ ਕੰਮ ਕਰ ਰਹੀ ਸੀ ਕਿ ਬੀਤੇ ਸ਼ਨੀਵਾਰ ਸਵੇਰੇ 5:55 ਵਜੇ ਉਸ ਕੈਂਪਸ ਵਿੱਚ ਹੀ ਕੰਮ ਕਰਨ ਵਾਲੇ ਕਿਸੇ ਹੋਰ ਵਿਅਕਤੀ ਵੱਲੋਂ ਉਸ ‘ਤੇ ਘਾਤਕ ਹਮਲਾ ਕੀਤਾ ਗਿਆ ਸੀ। ਹਾਲੇ ਤੱਕ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਕਿ ਕੀ ਦੋਵੇਂ ਇੱਕ ਦੂਜੇ ਨੂੰ ਜਾਣਦੇ ਸਨ? ਪਰ ਕਥਿਤ ਦੋਸ਼ੀ ਨੂੰ ਮਾਨਸਿਕ ਸਿਹਤ ਐਕਟ ਦੇ ਤਹਿਤ ਗ੍ਰਿਫਤਾਰ ਕਰ ਲਿਆ ਗਿਆ ਹੈ। ਆਰਸੀਐਮਪੀ ਅਨੁਸਾਰ ਕਥਿਤ ਦੋਸ਼ੀ ਹਸਪਤਾਲ ਵਿੱਚ ਹੈ ਅਤੇ ਉਸ ਨੂੰ ਕਤਲ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
