ਜਗਰਾਉਂ, 1 ਨਵੰਬਰ ( ਬੌਬੀ ਸਹਿਜਲ, ਧਰਮਿੰਦਰ)-ਇਨਕਲਾਬੀ ਕੇਂਦਰ ਪੰਜਾਬ ਦੇ ਇਲਾਕਾ ਜਗਰਾਂਓ ਦੇ ਵਰਕਰਾਂ ਦੀ ਮੀਟਿੰਗ ਸਥਾਨਕ ਨਛੱਤਰ ਸਿੰਘ ਧਾਲੀਵਾਲ ਯਾਦਗਾਰ ਹਾਲ ਵਿਖੇ ਜਨਰਲ ਸਕੱਤਰ ਕੰਵਲਜੀਤ ਖੰਨਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਚ ਹਾਜਰ ਸਮੂਹ ਵਰਕਰਾਂ ਨੇ ਬੀਤੇ ਦਿਨੀ ਵਖ ਵਖ ਰਾਜਾਂ ਦੇ ਗ੍ਰਹਿ ਮੰਤਰੀਆਂ ਦੀ ਮੀਟਿੰਗ ਚ ਕੌਮੀ ਜਾਂਚ ਏਜੰਸੀ ਦੇ ਦਫਤਰ ਸਾਰੇ ਰਾਜਾਂ ਚ ਖੋਲਣ, ਸਾਰੇ ਦੇਸ਼ ਚ ਪੁਲਸ ਦੀ ਇਕੋ ਵਰਦੀ ਕਰਨ ਦੇ ਮੋਦੀ ਹਕੂਮਤ ਦੇ ਬਿਆਨਾਂ ਨੂੰ ਫਾਸ਼ੀਵਾਦ ਵਲ ਅਗਲਾ ਕਦਮ ਕਰਾਰ ਦਿੱਤਾ। ਮੀਟਿੰਗ ਚ ਮੋਦੀ ਹਕੂਮਤ ਦੇ ਇਕ ਰਾਸ਼ਟਰ ਇਕ ਸਿਧਾਂਤ ਦੀ ਕਰੜੀ ਨਿੰਦਾ ਕਰਦਿਆਂ ਕਿਹਾ ਕਿ ਪੂਰੇ ਮੁਲਕ ਚ ਰਾਜਾਂ ਦੇ ਅਧਿਕਾਰ ਖਤਮ ਕਰਕੇ ਤਾਨਾਸ਼ਾਹ ਹਿੰਦੂ ਰਾਜ ਉਸਾਰਣ ਦੇ ਭਾਜਪਾ ਅਤੇ ਸੰਘ ਪਰਿਵਾਰ ਦੇ ਫੈਡਰਲ ਢਾਂਚਾ ਅਤੇ ਜਮਹੂਰੀਅਤ ਵਿਰੋਧੀ ਕਦਮਾਂ ਦਾ ਟਾਕਰਾ ਲੋਕਪੱਖੀ ਤਾਕਤਾਂ ਨੂੰ ਰਲ ਕੇ ਕਰਨਾ ਪਵੇਗਾ। ਇਸ ਸਮੇਂ ਮੀਟਿੰਗ ਨੂੰ ਸੰਬੋਧਨ ਕਰਦਿਆ ਉਨਾਂ ਕਿਹਾ ਕਿ ਸੰਸਾਰ ਭਰ ਚ ਵਧ ਰਹੀ ਲਕਤੋੜ ਮਹਿੰਗਾਈ ਤੇ ਡਿੱਗ ਰਹੇ ਅਰਥਚਾਰੇ ਲੋਕਾਂ ਤੋਂ ਉਨਾਂ ਦੀਆਂ ਬੁਨਿਆਦੀ ਜਰੂਰਤਾਂ ਵੀ ਖੋਹ ਰਹੇ ਹਨ।ਉਨਾਂ ਕਿਹਾ ਕਿ ਇਨਕਲਾਬੀ ਕੇਂਦਰ ਪੰਜਾਬ ਕਿਸਾਨ ਮਜਦੂਰ ਜਥੇਬੰਦੀਆਂ ਦੀ ਅਗਵਾਈ ਚ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਨ ਤੇ ਪਿੰਡ ਸਰਾਭਾ ਵਿਖੇ ਵਿਸ਼ਾਲ ਪੱਧਰ ਤੇ ਯਾਦ ਮਨਾਏਗੀ। ਇਸ ਸਮੇਂ ਪਿੰਡਾਂ ਚ ਲੋਕਾਂ ਨੂੰ ਗਦਰ ਲਹਿਰ ਦੇ ਇਤਿਹਾਸ ਨਾਲ ਅਤੇ ਦੇਸ਼ ਦੂਨੀਆਂ ਦੇ ਹਾਲਾਤ ਨਾਲ ਜੋੜਣ ਲਈ ਮੀਟਿੰਗਾਂ ਰੈਲੀਆਂ ਦੀ ਲੜੀ ਚਲਾਈ ਜਾਵੇਗੀ। ਇਸ ਸਮੇਂ ਇਨਕਲਾਬੀ ਕੇਂਦਰ ਪੰਜਾਬ ਦੀ ਇਲਾਕਾ ਮੀਟਿੰਗ ਵਿੱਚ ਪੰਜ ਮੈਂਬਰੀ ਇਲਾਕਾ ਕਮੇਟੀ ਦੀ ਚੋਣ ਕੀਤੀ ਗਈ। ਇਸ ਵਿਚ ਧਰਮ ਸਿੰਘ ਸੂਜਾਪੁਰ ਨੂੰ ਇਲਾਕਾ ਪ੍ਰਧਾਨ, ਜਸਬੀਰ ਸਿੰਘ ਅਕਾਲਗੜ੍ਹ ਨੂੰ ਇਲਾਕਾ ਸਕੱਤਰ, ਬਲਦੇਵ ਸਿੰਘ ਫੋਜੀ ਨੂੰ ਖਜਾਨਚੀ ਸਮੇਤ ਦੇਸ ਰਾਜ ਕਮਾਲਪੁਰਾ ਅਤੇ ਮਦਨ ਸਿੰਘ ਨੂੰ ਮੈਂਬਰ ਚੁਣਿਆ ਗਿਆ। ਮੀਟਿੰਗ ਵਿੱਚ ਰਜਿੰਦਰ ਸਿੰਘ ਲੁਧਿਆਣਾ ਵਿਸ਼ੇਸ਼ ਤੋਰ ਤੇ ਹਾਜਰ ਹੋਏ, ਜਿਨਾਂ ਨੇ ਬੋਲਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਜਿਸ ਇਨਕਲਾਬ ਦੀ ਗੱਲ ਕੀਤੀ ਸੀ ਉਸ ਲਈ ਬਾਕਾਇਦਾ ਇਕ ਸੰਘਰਸ਼ਸ਼ੀਲ ਇਨਕਲਾਬੀ ਜਥੇਬੰਦੀ ਨੂੰ ਮਜਬੂਤ ਕਰਨਾ ਸਮੇਂ ਦੀ ਅਣਸਰਦੀ ਲੋੜ ਹੈ।
