ਜਗਰਾਉਂ, 23 ਨਵੰਬਰ ( ਭਗਵਾਨ ਭੰਗੂ, ਅਸ਼ਵਨੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਮੈਂਬਰਾਂ ਨੇ ਮੋਟਰਸਾਈਕਲ ਚੋਰੀ ਕਰਨ ਵਾਲੇ ਮੁਲਜ਼ਮ ਨੂੰ ਗ੍ਰਿਫ਼ਤਾਰ ਨਾ ਕਰਨ ’ਤੇ ਬੁੱਧਵਾਰ ਨੂੰ ਥਾਣਾ ਸਿਟੀ ਦਾ ਘਿਰਾਓ ਕੀਤਾ। ਮੌਕੇ ‘ਤੇ ਮੌਜੂਦ ਸੰਸਥਾ ਦੇ ਗੁਰਮੀਤ ਸਿੰਘ ਅਤੇ ਮੇਹਰ ਸਿੰਘ ਨੇ ਦੱਸਿਆ ਕਿ 3 ਅਗਸਤ ਨੂੰ ਜਗਰਾਓਂ ਨੇੜੇ ਗੁਰਦੁਆਰਾ ਨਾਨਕਸਰ ਤੋਂ ਹਰਸਿਮਰਨਜੀਤ ਸਿੰਘ ਵਾਸੀ ਪਿੰਡ ਦੱਦਾਹੂਰ, ਜ਼ਿਲ੍ਹਾ ਮੋਗਾ ਦਾ ਮੋਟਰਸਾਈਕਲ ਚੋਰੀ ਹੋ ਗਿਆ ਸੀ। ਇਸ ਸਬੰਧੀ ਥਾਣਾ ਸਿਟੀ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਅਤੇ ਪੁਲਿਸ ਨੂੰ ਚੋਰੀ ਦੀ ਵੀਡੀਓ ਅਤੇ ਮੋਟਰਸਾਈਕਲ ਚੋਰੀ ਕਰਨ ਦੇ ਦੋਸ਼ੀ ਦਾ ਨਾਂ-ਪਤਾ ਦੱਸਿਆ ਗਿਆ, ਜੋ ਕਿ ਜਗਰਾਉਂ ਨੇੜੇ ਪਿੰਡ ਗਾਲਿਬ ਕਲਾਂ ਦਾ ਰਹਿਣ ਵਾਲਾ ਹੈ। ਪਰ ਹੁਣ ਤੱਕ ਥਾਣਾ ਸਿਟੀ ਦੀ ਪੁਲਿਸ ਵੱਲੋਂ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ ਅਤੇ ਜਥੇਬੰਦੀ ਦੇ ਮੈਂਬਰਾਂ ਨੇ ਇਸ ਸਬੰਧੀ ਕਈ ਵਾਰ ਥਾਣਾ ਸਿਟੀ ਜਗਰਾਉਂ ਵਿਖੇ ਪਹੁੰਚ ਕੇ ਮੰਗ ਕੀਤੀ ਹੈ। ਕੋਈ ਕਾਰਵਾਈ ਹੁੰਦੀ ਦੇਖ ਕੇ ਉਨ੍ਹਾਂ ਨੂੰ ਮਜਬੂਰੀ ਵੱਸ ਧਰਨਾ ਦੇਣਾ ਪਿਆ। ਮੌਕੇ ’ਤੇ ਪੁੱਜੇ ਏਐਸਆਈ ਤਰਸੇਮ ਸਿੰਘ ਨੇ ਜਥੇਬੰਦੀ ਦੇ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
