ਜਗਰਾਉਂ, 30 ਅਗਸਤ ( ਬੌਬੀ ਸਹਿਜਲ, ਧਰਮਿੰਦਰ ):- ਸੀਪੀਆਈ(ਐਮ) ਵੱਲੋਂ ਪੂਰੇ ਭਾਰਤ ਦੇਸ਼ ਵਿੱਚ 1 ਤੋਂ 7 ਸਤੰਬਰ ਤੱਕ ਚਲਾਈ ਜਾ ਰਹੀ ਲੋਕ ਜਾਗਰੂਕ ਮੁਹਿੰਮ ਬਾਰੇ ਅੱਜ ਜਗਰਾਓਂ ਵਿਖੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ, ਸਤਨਾਮ ਸਿੰਘ ਬੜੈਚ, ਬਲਜੀਤ ਸਿੰਘ ਗਰੇਵਾਲ ਤੇ ਪੱਤਰਕਾਰ ਅਰੋੜਾ ਮੁੱਲਾਂਪੁਰ ਵਿਸ਼ੇਸ਼ ਤੌਰ ਤੇ ਪਹੁੰਚੇ ਜਿੱਥੇ ਉਨ੍ਹਾਂ ਨੇ ਤਹਿਸੀਲ ਸਕੱਤਰ ਗੁਰਦੀਪ ਸਿੰਘ ਕੋਟ ਉਮਰਾ ਨਾਲ ਲੋਕ ਜਾਗਰੂਕ ਮੁਹਿੰਮ ਬਾਰੇ ਵਿਚਾਰ ਵਟਾਂਦਰੇ ਕੀਤੇ। ਇਸ ਮੌਕੇ ਕਾਮਰੇਡ ਸੇਖੋਂ ਨੇ ਕਿਹਾ ਕੀ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ , ਦਿਨ ਪ੍ਰਤੀ ਦਿਨ ਵਧ ਰਹੀ ਮਹਿੰਗਾਈ ਅਤੇ ਬੇਰੋਜ਼ਗਾਰੀ ਦੇ ਖਿਲਾਫ਼ ਇਹ ਮੁਹਿੰਮ ਚਲਾ ਕੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਲੋਕਾਂ ਨੂੰ ਜਾਗਰੂਕ ਕਰਕੇ ਲਾਮਬੰਦ ਕੀਤਾ ਜਾਵੇਗਾ। ਕਾਮਰੇਡ ਸੇਖੋਂ ਨੇ ਕਿਹਾ ਕੀ ਕੇਰਲ ਸਰਕਾਰ ਦੀ ਤਰਜ਼ ਤੇ ਮਨਰੇਗਾ ਰੋਜ਼ਗਾਰ ਘੱਟੋ ਘੱਟ 200 ਦਿਨ ਕਰੇ ਅਤੇ ਮਨਰੇਗਾ ਵਿਚ ਕੰਮ ਕਰਨ ਵਾਲੇ ਦੀ ਦਿਹਾੜੀ 700 ਰੁਪਏ ਹੋਵੇ। ਕਾਮਰੇਡ ਸੇਖੋਂ ਨੇ ਆਪ ਸਰਕਾਰ ਦੇ ਬਾਰੇ ਬੋਲਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦਾ ਆਪਣਾ ਵਾਅਦਾ ਭੁੱਲ ਚੁੱਕੇ ਹਨ ਪੰਜਾਬ ਦੀ ਜਵਾਨੀ ਨਸ਼ਿਆਂ ਨਾਲ ਮਰ ਰਹੀ ਹੈ ਜਿਸ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ਵਿੱਚ ਅਮਨ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਦੀ ਸਥਿਤੀ ਵੀ ਪੂਰੀ ਤਰ੍ਹਾਂ ਡਗਮਗਾ ਚੁੱਕੀ ਹੈ ਜਿਸ ਦੀਆਂ ਉਦਾਹਰਨਾਂ ਅਕਸਰ ਹੀ ਅਖਬਾਰਾ ਵਿੱਚ ਜਗ੍ਹਾ-ਜਗ੍ਹਾ ਵੱਧ ਰਹੇ ਕ੍ਰਾਈਮ ਤੋਂ ਪੰਜਾਬ ਦੀ ਜਨਤਾ ਦੇ ਸਾਹਮਣੇ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਿੱਥੇ ਪੰਜਾਬ ਹੜ੍ਹਾਂ ਦੀ ਮਾਰ ਹੇਠ ਹੈ ਉਥੇ ਹੀ ਜਗਰਾਓਂ ਦੇ ਇਲਾਕੇ ਵਿੱਚ ਰਾਤਾਂ ਨੂੰ ਸਰਕਾਰਾਂ ਦੀ ਸ਼ਹਿ ਤੇ ਸਬੰਧਤ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ, ਉਨ੍ਹਾਂ ਕਿਹਾ ਕੰਨਿਆ ਹੁਸੈਨੀ, ਪਰਜ਼ੀਆਂ ਬਿਹਾਰੀਪੁਰ, ਖੁਰਛੈਦਪੁਰ ਅਤੇ ਅੱਕੂਵਾਲ ਵਿਖੇ ਰਾਤ ਦੇ ਸਮੇਂ ਨਾਜਾਇਜ਼ ਮਾਈਨਿੰਗ ਕੀਤੀ ਜਾਂਦੀ ਹੈ। ਜਿਸ ਬਾਰੇ ਪਾਰਟੀ ਵਰਕਰਾਂ ਵੱਲੋਂ ਪੁਲਸ ਤੇ ਸਬੰਧਤ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਕਈ ਵਾਰੀ ਜਾਣਕਾਰੀ ਦਿੱਤੀ ਗਈ ਹੈ, ਨਾਜਾਇਜ ਮਾਈਨਿੰਗ ਰੋਕਣ ਦੀ ਬਜਾਏ ਉਲਟਾ ਪਾਰਟੀ ਵਰਕਰ ਨੂੰ ਹੀ ਧਮਕਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਨਾਜਾਇਜ਼ ਮਾਈਨਿੰਗ ਬੰਦ ਨਾ ਕੀਤੀ ਗਈ ਤਾਂ ਇਸ ਬਾਰੇ ਸਖ਼ਤ ਐਕਸ਼ਨ ਲਿਆ ਜਾਵੇਗਾ।